ਸਾਬਕਾ ਰੱਖਿਆ ਸਕੱਤਰ ਅਜੈ ਕੁਮਾਰ ਯੂਪੀਐੱਸਸੀ ਦੇ ਚੇਅਰਮੈਨ ਨਿਯੁਕਤ
ਅਨਿਮੇਸ਼ ਸਿੰਘ
ਨਵੀਂ ਦਿੱਲੀ, 14 ਮਈ
ਸਾਬਕਾ ਰੱਖਿਆ ਸਕੱਤਰ ਤੇ 1985 ਬੈਚ ਦੇ ਕੇਰਲਾ ਕੇਡਰ ਦੇ ਆਈਏਐੱਸ ਅਧਿਕਾਰੀ ਅਜੈ ਕੁਮਾਰ ਨੂੰ ਕੇਂਦਰੀ ਲੋਕ ਸੇਵਾ ਕਮਿਸ਼ਨ (UPSC) ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਕੇਂਦਰੀ ਅਮਲਾ ਮੰਤਰਾਲੇ ਨੇ ਨਿਯੁਕਤੀ ਸਬੰਧੀ ਹੁਕਮ ਮੰਗਲਵਾਰ ਦੇਰ ਰਾਤ ਜਾਰੀ ਕੀਤੇ ਹਨ।
ਅਜੈ ਕੁਮਾਰ ਨੇ ਪ੍ਰੀਤੀ ਸੂਦਨ ਦੀ ਥਾਂ ਲਈ ਹੈ, ਜਿਨ੍ਹਾਂ ਦਾ ਕਾਰਜਕਾਲ 29 ਅਪਰੈਲ ਨੂੰ ਪੂਰਾ ਹੋ ਗਿਆ ਸੀ। ਹੁਕਮਾਂ ਅਨੁਸਾਰ, ਕੁਮਾਰ ਦੀ ਨਿਯੁਕਤੀ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਮਨਜ਼ੂਰੀ ਦਿੱਤੀ ਹੈ।
ਕੁਮਾਰ 23 ਅਗਸਤ, 2019 ਤੋਂ 31 ਅਕਤੂਬਰ, 2022 ਤੱਕ ਰੱਖਿਆ ਸਕੱਤਰ ਰਹੇ। ਯੂਪੀਐਸਸੀ, ਜੋ ਆਈਏਐਸ, ਭਾਰਤੀ ਵਿਦੇਸ਼ ਸੇਵਾ (ਆਈਐਫਐਸ) ਅਤੇ ਭਾਰਤੀ ਪੁਲੀਸ ਸੇਵਾ (ਆਈਪੀਐੱਸ) ਸਣੇ ਹੋਰ ਸੇਵਾਵਾਂ ਵਾਸਤੇ ਅਧਿਕਾਰੀਆਂ ਦੀ ਚੋਣ ਕਰਨ ਲਈ ਸਿਵਲ ਸੇਵਾਵਾਂ ਪ੍ਰੀਖਿਆਵਾਂ ਲੈਂਦਾ ਹੈ, ਦੀ ਅਗਵਾਈ ਇੱਕ ਚੇਅਰਮੈਨ ਵੱਲੋਂ ਕੀਤੀ ਜਾਂਦੀ ਹੈ ਅਤੇ ਇਸ ਵਿੱਚ ਵੱਧ ਤੋਂ ਵੱਧ 10 ਮੈਂਬਰ ਹੋ ਸਕਦੇ ਹਨ।
ਇੱਕ ਯੂਪੀਐਸਸੀ ਚੇਅਰਮੈਨ ਨੂੰ ਛੇ ਸਾਲਾਂ ਦੀ ਮਿਆਦ ਲਈ ਜਾਂ 65 ਸਾਲ ਦੀ ਉਮਰ ਤੱਕ ਨਿਯੁਕਤ ਕੀਤਾ ਜਾਂਦਾ ਹੈ।