ਗਰਮੀ ਦੀਆਂ ਛੁੱਟੀਆਂ ਦੌਰਾਨ ਦੇਸ਼ ਭਰ ’ਚ ਲੱਗਣਗੇ ਗੁਰਮਤਿ ਕੈਂਪ
ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਮਈ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਵਿੰਗ ਵੱਲੋਂ ਸਕੂਲਾਂ ਵਿੱਚ ਚੱਲ ਰਹੀਆਂ ਗਰਮੀ ਦੀਆਂ ਛੁੱਟੀਆਂ ਨੂੰ ਧਿਆਨ ਵਿੱਚ ਰੱਖਦਿਆਂ ਦੇਸ਼ ਭਰ ਦੇ ਵਿਦਿਆਰਥੀਆਂ ਲਈ ਵਿਆਪਕ ਪੱਧਰ ’ਤੇ ਗੁਰਮਤਿ ਕੈਂਪ ਲਗਾਉਣ ਦੀ ਤਿਆਰੀ ਕੀਤੀ ਗਈ ਹੈ। ਇਸ ਸਬੰਧ ਵਿੱਚ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਵੱਲੋਂ ਦਿੱਲੀ ਕਮੇਟੀ ਦੇ ਮੈਂਬਰਾਂ ਅਤੇ ਉਨ੍ਹਾਂ ਸਾਰੇ ਸੇਵਾਦਾਰਾਂ ਨਾਲ ਮੀਟਿੰਗ ਕੀਤੀ ਗਈ ਹੈ ਜੋ ਹਰ ਵਾਰੀ ਇਨ੍ਹਾਂ ਕੈਂਪਾਂ ਵਿੱਚ ਸੇਵਾ ਨਿਭਾਉਂਦੇ ਆ ਰਹੇ ਹਨ।
ਕਰਮਸਰ ਨੇ ਦੱਸਿਆ ਕਿ ਕਮੇਟੀ ਨੇ ਦਿੱਲੀ ਸਣੇ ਉੱਤਰ ਪ੍ਰਦੇਸ਼, ਬਿਹਾਰ, ਹਰਿਆਣਾ, ਉੱਤਰਾਖੰਡ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਇਹ ਕੈਂਪ ਲਗਾਉਣ ਦੀ ਤਿਆਰੀ ਮੁਕੰਮਲ ਕਰ ਲਈ ਹੈ। ਉਨ੍ਹਾਂ ਸਿੰਘ ਸਭਾਵਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ-ਆਪਣੇ ਖੇਤਰ ਵਿੱਚ ਇਨ੍ਹਾਂ ਕੈਂਪਾਂ ਦੀ ਤਿਆਰੀ ਕਰਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਰਾਹੀਂ ਵਿਦਿਆਰਥੀਆਂ ਨੂੰ ਗੁਰਸਿੱਖੀ ਜੀਵਨ ਨਾਲ ਜੋੜਨ ਅਤੇ ਉਨ੍ਹਾਂ ਨੂੰ ਗੁਰਬਾਣੀ ਤੇ ਸਿੱਖ ਜੀਵਨ ਮੁੱਲਾਂ ਨਾਲ ਪ੍ਰੇਰਿਤ ਕਰਨ ਦੇ ਯਤਨ ਕੀਤੇ ਜਾਣਗੇ। ਹਰ ਸਾਲ ਵਾਂਗ ਹੀ ਇਸ ਵਾਰ ਵੀ ਕਮੇਟੀ ਵੱਲੋਂ ਵਿਸ਼ੇਸ਼ ਗੁਰਮਤਿ ਸਾਹਿਤ ਤਿਆਰ ਕਰਵਾਇਆ ਗਿਆ ਹੈ, ਗੁਰਮਤਿ ਅਧਿਆਪਕ ਤਿਆਰ ਹਨ, ਅਤੇ ਵਿਦਿਆਰਥੀਆਂ ਨੂੰ ਗੁਰਸਿੱਖੀ ਜੀਵਨ ਦੇ ਹਰੇਕ ਪਹਿਲੂ ਨਾਲ ਜਾਣੂ ਕਰਵਾਉਣ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ 20 ਮਈ ਤੋਂ 15 ਜੂਨ ਤੱਕ ਚੱਲਣ ਵਾਲੇ ਇਨ੍ਹਾਂ ਕੈਂਪਾਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਆਪਣੇ ਬੱਚਿਆਂ ਨੂੰ ਭੇਜਣ ਤਾਂ ਜੋ ਉਹ ਗੁਰਸਿੱਖੀ ਜੀਵਨ ਨਾਲ ਜੁੜ ਸਕਣ ਅਤੇ ਆਪਣਾ ਜੀਵਨ ਸਫਲ ਬਣਾ ਸਕਣ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਇਸ ਵਾਰ ਪਿਛਲੇ ਸਾਲ ਨਾਲੋਂ ਵੀ ਵੱਧ ਗਿਣਤੀ ਵਿੱਚ ਵਿਦਿਆਰਥੀ ਇਨ੍ਹਾਂ ਕੈਂਪਾਂ ਵਿੱਚ ਹਿੱਸਾ ਲੈਣਗੇ।