ਤੇਜਸਵੀ ਯਾਦਵ ਦੇ ਕਾਫ਼ਲੇ ’ਚ ਸ਼ਾਮਲ ਵਾਹਨਾਂ ਨੂੰ ਟਰੱਕ ਨੇ ਟੱਕਰ ਮਾਰੀ, 3 ਸੁਰੱਖਿਆ ਕਰਮੀ ਜ਼ਖ਼ਮੀ
ਹਾਦਸੇ ਵਿਚ ਆਰਜੇਡੀ ਆਗੂ ਨੂੰ ਸੱਟ ਫੇਟ ਤੋਂ ਬਚਾਅ; ਯਾਦਵ ਦਾ ਕਾਫਲਾ ਗੋਰੌਲ ਨੇੜੇ ਪਟਨਾ-ਮੁਜ਼ੱਫਰਪੁਰ ਕੌਮੀ ਮਾਰਗ ’ਤੇ ਚਾਹ ਪੀਣ ਲਈ ਰੁਕਿਆ ਸੀ
ਵੈਸ਼ਾਲੀ(ਬਿਹਾਰ), 7 ਜੂਨ
ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਵਿੱਚ ਸ਼ਨਿੱਚਰਵਾਰ ਤੜਕੇ ਤੇਜ਼ ਰਫ਼ਤਾਰ ਟਰੱਕ ਨੇ ਆਰਜੇਡੀ ਆਗੂ ਤੇਜਸਵੀ ਯਾਦਵ ਦੇ ਕਾਫਲੇ ਵਿਚ ਸ਼ਾਮਲ ਦੋ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਤੇਜਸਵੀ ਯਾਦਵ ਤਾਂ ਵਾਲ-ਵਾਲ ਬਚ ਗਏ, ਪਰ ਉਨ੍ਹਾਂ ਦੇ ਤਿੰਨ ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ।
ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਵਿਰੋਧੀ ਧਿਰ ਦੇ ਆਗੂ ਦੀ ਗੱਡੀ ਨੂੰ ਟਰੱਕ ਦੀ ਫੇਟ ਤੋਂ ਬਚਾਅ ਰਿਹਾ। ਉਨ੍ਹਾਂ ਕਿਹਾ ਕਿ ਹਾਦਸਾ ਵੱਡੇ ਤੜਕੇ 12.30 ਵਜੇ ਦੇ ਕਰੀਬ ਉਦੋਂ ਹੋਇਆ ਜਦੋਂ ਯਾਦਵ ਦਾ ਕਾਫਲਾ ਗੋਰੌਲ ਨੇੜੇ ਪਟਨਾ-ਮੁਜ਼ੱਫਰਪੁਰ ਰਾਸ਼ਟਰੀ ਰਾਜਮਾਰਗ ’ਤੇ ਚਾਹ ਪੀਣ ਲਈ ਰੁਕਿਆ ਸੀ।
ਅਧਿਕਾਰੀ ਨੇ ਕਿਹਾ ਕਿ ਜਦੋਂ ਇਹ ਹਾਦਸਾ ਹੋਇਆ ਤਾਂ ਉਦੋਂ ਆਰਜੇਡੀ ਆਗੂ ਆਪਣੇ ਕਾਫ਼ਲੇ ਨਾਲ ਮਧੇਪੁਰਾ ਤੋਂ ਪਟਨਾ ਵਾਪਸ ਆ ਰਿਹਾ ਸੀ। ਅਧਿਕਾਰੀ ਨੇ ਕਿਹਾ, ‘‘ਯਾਦਵ ਹਾਦਸੇ ਵਿੱਚ ਵਾਲ-ਵਾਲ ਬਚ ਗਿਆ। ਤਿੰਨ ਸੁਰੱਖਿਆ ਕਰਮਚਾਰੀ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਨਜ਼ਦੀਕੀ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਯਾਦਵ ਨੇ ਹਸਪਤਾਲ ਦਾ ਦੌਰਾ ਕਰਕੇ ਜ਼ਖ਼ਮੀ ਕਰਮਚਾਰੀਆਂ ਦਾ ਹਾਲ ਚਾਲ ਵੀ ਪੁੱਛਿਆ।’’
ਹਸਪਤਾਲ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯਾਦਵ ਨੇ ਕਿਹਾ ਕਿ ਇਹ ਹਾਦਸਾ ਉਨ੍ਹਾਂ ਦੀ ਗੱਡੀ ਤੋਂ ਸਿਰਫ਼ ਪੰਜ ਫੁੱਟ ਦੂਰ ਹੋਇਆ। ਅਧਿਕਾਰੀ ਨੇ ਕਿਹਾ ਕਿ ਪੁਲੀਸ ਨੇ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰਕੇ ਗੱਡੀ ਜ਼ਬਤ ਕਰ ਲਈ ਹੈ। -ਪੀਟੀਆਈ