ਮੁਕੇਰੀਆਂ ਹਾਈਡਲ ਦੇ ਆਊਟਸੋਰਸ ਵਰਕਰਾਂ ਦਾ ਵਫ਼ਦ ਵਿਧਾਇਕ ਨੂੰ ਮਿਲਿਆ
ਪੱਤਰ ਪ੍ਰੇਰਕ
ਮੁਕੇਰੀਆਂ, 10 ਅਗਸਤ
ਮੁਕੇਰੀਆਂ ਹਾਈਡਲ ਅਧੀਨ ਆਊਟਸੋਰਸਜ਼ ਰਾਹੀਂ ਕੰਮ ਕਰਦੇ ਸਕਿਲਡ ਤੇ ਅਨਸਕਿਲਡ ਵਰਕਰਾਂ ਦੇ ਵਫ਼ਦ ਨੇ ਵਿਧਾਇਕ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਨੂੰ ਮਿਲ ਕੇ ਵਿਭਾਗ ਵਿੱਚ ਲਿਆ ਕੇ ਪੱਕੇ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਮਹੇਸ਼ ਕੁਮਾਰ, ਗੁਰਪ੍ਰੀਤ ਸਿੰਘ, ਹਰਜਿੰਦਰ ਸਿੰਘ, ਸੰਦੀਪ, ਲਖਵਿੰਦਰ ਸਿੰਘ, ਵਿਕਰਮਜੀਤ ਸਿੰਘ ਆਦਿ ਨੇ ਦੱਸਿਆ ਕਿ ਮੁਕੇਰੀਆਂ ਹਾਈਡਲ ਪ੍ਰੋਜੈਕਟ ਅਧੀਨ ਕੰਮ ਕਰਦੇ ਸਕਿਲਡ ਅਤੇ ਅਨਸਕਿਲਡ ਵਰਕਰਾਂ ਦੀ ਭਰਤੀ ਨਿਰੋਲ ਯੋਗਤਾ ਦੇ ਅਧਾਰ ’ਤੇ ਖਾਲੀ ਅਸਾਮੀਆਂ ਵਿਰੁੱਧ ਪਾਵਰਕੌਮ ਦੇ ਨਿਯਮਾਂ ਅਨੁਸਾਰ ਕੀਤੀ ਗਈ ਹੈ। ਭਰਤੀ ਮੁਲਾਜ਼ਮਾਂ ਦੀਆਂ ਅਸਾਮੀਆਂ ਪਾਵਰਕੌਮ ਦੀ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਵਿੱਚ ਪਾਸ ਕੀਤੀਆਂ ਗਈਆਂ ਹਨ ਅਤੇ ਉਹ ਉਸ ਸਮੇਂ ਤੋਂ ਹੀ ਪਾਵਰਕੌਮ ਦੇ ਨਿਯਮਾਂ ਅਨੁਸਾਰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕੋਵਿਡ-19 ਵਿੱਚ ਵੀ ਉਨ੍ਹਾਂ ਆਪਣੀ ਜਾਨ ਜੋਖਮ ਵਿੱਚ ਪਾ ਕੇ ਆਪਣੀਆਂ ਡਿਉੂਟੀਆਂ ਬੇਰੋਕ ਨਿਭਾਈਆਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਆਪਣੀ ਸਰਕਾਰ ਬਣਨ ’ਤੇ ਸਾਰੇ ਕਰਮਚਾਰੀਆਂ ਨੂੰ ਪੱਕੇ ਕਰਨ ਦੇ ਕੀਤੇ ਐਲਾਨ ਨਾਲ ਉਨ੍ਹਾਂ ਨੂੰ ਪੱਕੇ ਰੁਜ਼ਗਾਰ ਦੀ ਆਸ ਬੱਝੀ ਸੀ। ਪਰ ਮੁੱਖ ਮੰਤਰੀ ਵਲੋਂ ਵਿਧਾਨ ਸਭਾ ਸੈਸ਼ਨ ਵਿੱਚ ਆਪਣੇ ਭਾਸ਼ਣ ਦੌਰਾਨ ਆਉਟ ਸੋਰਸਜ਼ ਮੁਲਾਜ਼ਮਾਂ ਨੂੰ ਮਹਿਕਮੇ ਅਧੀਨ ਲਿਆਉਣ ਲਈ ਕੋਈ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਪਾਵਰਕੌਮ ਅਧੀਨ ਲਿਆ ਕੇ ਰੈਗੂਲਰ ਕੀਤਾ ਜਾਵੇ, ਜਦੋਂ ਤੱਕ ਅਜਿਹਾ ਨਹੀਂ ਹੋ ਜਾਂਦਾ ਉਨ੍ਹਾਂ ਨੂੰ ਲੇਬਰ ਵੈਲਫੇਅਰ ਐਕਟ 1948 ਅਧੀਨ ਬਣਦੀਆਂ ਸਹੂਲਤਾਂ ਅਤੇ ਤਨਖਾਹ ਦਿੱਤੀ ਜਾਵੇ। ਵਿਧਾਇਕ ਕਰਮਬੀਰ ਸਿੰਘ ਘੁੰਮਣ ਨੇ ਵਫਦ ਦੇ ਆਗੂਆਂ ਨੂੰ ਭਰੋਸਾ ਦਿਆਇਆ ਕਿ ਉਹ ਇਹ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਕੋਲ ਉਠਾ ਕੇ ਆਊਟਸੋਰਸਜ਼ ਕਾਮਿਆਂ ਦੇ ਪੱਕੇ ਰੁਜ਼ਗਾਰ ਦੀ ਸਿਫਾਰਿਸ਼ ਕਰਨਗੇ। ਇਸ ਮੌਕੇ ਕਮਲਦੀਪ ਸਿੰਘ, ਮਨਮੋਹਨ ਸਿੰਘ, ਸੁਨੀਲ ਕੁਮਾਰ, ਜੁਗਰਾਜਵੀਰ ਸਿੰਘ, ਫਤਹਿ ਸਿੰਘ, ਦਵਿੰਦਰ ਸਿੰਘ, ਰਜੇਸ਼ ਕੁਮਾਰ ਤੇ ਮਲਕੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਆਉਟ ਸੋਰਸ਼ਜ ਕਾਮੇ ਹਾਜ਼ਰ ਸਨ।