ਸਾਈਕਲਿੰਗ ਕਰਕੇ ਵਾਤਾਵਰਣ ਪੱਖੀ ਯੋਜਨਾਵਾਂ ਦਾ ਹਿੱਸਾ ਬਣਨ ਦਾ ਹੋਕਾ
ਪੱਤਰ ਪ੍ਰੇਰਕ
ਬੰਗਾ, 26 ਜੂਨ
ਬੰਗਾ ਤੋਂ ਹਰ ਐਤਵਾਰ ਦੀ ਸਵੇਰ ਨੂੰ ਤੁਰਨ ਵਾਲਾ ਸਾਈਕਲ ਸਫ਼ਰ ਕਾਫ਼ਲਾ ਅੱਜ ਬਹੁਪੱਖੀ ਪ੍ਰਾਪਤੀਆਂ ਵਾਲੇ ਪਿੰਡ ਨੌਰਾ ਪੁੱਜਾ। ਇਹ ਕਾਫ਼ਲਾ ਸਿਹਤਯਾਬੀ ਅਤੇ ਵਾਤਾਵਰਣ ਪੱਖੋਂ ਸੇਵਾਵਾਂ ਦਾ ਹਿੱਸਾ ਬਣਨ ਦਾ ਹੋਕਾ ਦਿੰਦਾ ਸਮਾਜ ਲਈ ਕਾਰਗਰ ਸਿੱਧ ਹੋ ਰਿਹਾ ਹੈ। ਇਸ ਕਾਫ਼ਲੇ ਦੇ ਯੋਜਨਾਕਾਰ ਰਣਵੀਰ ਰਾਣਾ ਨੇ ਦੱਸਿਆ ਕਿ ਕਾਫ਼ਲੇ ਦਾ ਮਿਸ਼ਨ ਇਲਾਕੇ ਅੰਦਰ ਲੋਕਾਂ ਨੂੰ ਚੰਗੀ ਸਿਹਤ ਲਈ ਸਾਈਕਲਿੰਗ ਲਈ ਪ੍ਰੇਰਿਤ ਕਰਨਾ ਹੈ ਅਤੇ ਵੱਖ ਵੱਖ ਪਿੰਡਾਂ ‘ਚ ਵਿਲੱਖਣ ਕਾਰਜ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕਰਨਾ ਹੈ। ਇਸ ਵਾਰ ਇਹ ਕਾਫ਼ਲਾ ਗੜ੍ਹਸ਼ੰਕਰ ਨੂੰ ਜਾਂਦੀ ਸੜਕ ‘ਤੇ ਸਥਿਤ ਪਿੰਡ ਨੌਰਾ ਪੁੱਜਾ। ਕਾਫ਼ਲੇ ਨੇ ਸਾਰੇ ਪਿੰਡ ਵਿੱਚ ਘੁੰਮ ਕੇ ਪਿੰਡ ਦੀਆ ਇਤਿਹਾਸਕ, ਵਿੱਦਿਅਕ ਅਤੇ ਸਾਂਝੀਆਂ ਥਾਵਾਂ ਦਾ ਦੌਰਾ ਕੀਤਾ।
ਇਸ ਦੇ ਨਾਲ ਹੀ ਪਿੰੰਡ ਅੰਦਰ ਵੱਖ ਵੱਖ ਥਾਵਾਂ ‘ਤੇ ਬਣੀਆਂ ਕਲਾ ਕ੍ਰਿਤਾਂ ਨੂੰ ਵੀ ਨਿਹਾਰਿਆ। ਇਹਨਾਂ ਕਲਾ ਕ੍ਰਿਤਾਂ ਨੂੰ ਬਣਾਉਣ ਵਾਲੇ ਪਿੰਡ ਵਾਸੀ ਅਮਰਜੀਤ ਨੌਰਾ ਨੂੰ ‘ਪਿੰਡ ਦਾ ਮਾਣ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਕਾਫ਼ਲੇ ‘ਚ ਰਾਜਿੰਦਰ ਜੱਸਲ, ਭੁਪੇਸ਼ ਕੁਮਾਰ, ਦਵਿੰਦਰ ਬੇਗਮਪੁਰੀ, ਸੁਰੇਸ਼ ਕੁਮਾਰ ਆਦਿ ਵੀ ਸ਼ਾਮਲ ਸਨ।