ਸ਼ਹੀਦਾਂ ਦੇ ਦਰਸਾਏ ਮਾਰਗ ’ਤੇ ਚੱਲਣ ਦਾ ਹੋਕਾ
ਪੱਤਰ ਪ੍ਰੇਰਕ
ਜਲੰਧਰ, 23 ਮਾਰਚ
ਭਾਰਤ ਦੇ ਮਹਾਨ ਕ੍ਰਾਂਤੀਕਾਰੀਆਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਕੁਰਬਾਨੀ ਨੂੰ ਯਾਦ ਕਰਨ ਲਈ ਅੱਜ ਇੱਥੇ ਮਾਡਲ ਟਾਊਨ ਵਿੱਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਮਾਡਲ ਟਾਊਨ ਸ਼ਮਸ਼ਾਨਘਾਟ ਦੇ ਸਾਹਮਣੇ ਇਹ ਸਮਾਗਮ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਨੌਜਵਾਨ ਪੀੜ੍ਹੀ ਨੂੰ ਭਾਰਤ ਦੀ ਆਜ਼ਾਦੀ ਲਈ ਕੀਤੀਆਂ ਕੁਰਬਾਨੀਆਂ ਦੀ ਯਾਦ ਦਿਵਾਉਣ ਲਈ ਕੀਤਾ ਗਿਆ ਸੀ। ਚੇਅਰਮੈਨ ਵਰਿੰਦਰ ਮਲਿਕ, ਪ੍ਰਧਾਨ ਜਸਵਿੰਦਰ ਸਿੰਘ ਸਾਹਨੀ ਅਤੇ ਕਰਨਲ ਅਮਰੀਕ ਸਿੰਘ ਨੇ 23 ਮਾਰਚ, 1931 ਨੂੰ ਸ਼ਹੀਦਾਂ ਦੀ ਸਰਵਉੱਚ ਕੁਰਬਾਨੀ ਦੀ ਮਹੱਤਤਾ ’ਤੇ ਚਾਨਣਾ ਪਾਇਆ।
ਸ਼ਾਹਕੋਟ (ਪੱਤਰ ਪ੍ਰੇਰਕ): ਨੌਜਵਾਨ ਭਾਰਤ ਸਭਾ, ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ, ਪੰਜਾਬ ਸਟੂਡੈਂਟ ਯੂਨੀਅਨ, ਡੈਮੋਕ੍ਰੇਟਿਕ ਟੀਚਰਜ਼ ਫਰੰਟ, ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਅਤੇ ਇਸਤਰੀ ਜਾਗ੍ਰਿਤੀ ਮੰਚ ਨੇ ਲੋਹੀਆਂ ਖਾਸ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਵਸ ਮਨਾਇਆ। ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਨੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਡੀਟੀਐੱਫ ਦੇ ਸੂਬਾਈ ਆਗੂ ਕੁਲਵਿੰਦਰ ਸਿੰਘ ਜੋਸਨ, ਪੀਐੱਸਯੂ ਦੇ ਸੂਬਾ ਪ੍ਰੈਸ ਸਕੱਤਰ ਮੰਗਲਜੀਤ ਪੰਡੋਰੀ, ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਹੰਸ ਰਾਜ ਪੱਬਵਾ, ਗੁਰਚਰਨ ਸਿੰਘ ਅਟਵਾਲ, ਨੌਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਆਗੂ ਸੋਨੂੰ ਅਰੋੜਾ, ਆਸ਼ਾ ਵਰਕਰਜ਼ ਯੂਨੀਅਨ ਦੀ ਆਗੂ ਗੁਰਜੀਤ ਕੌਰ, ਜਸਵੀਰ ਸਿੰਘ ਸੰਧੂ, ਮੰਗਤ ਰਾਜ, ਗੁਰਦੇਵ ਸਿੰਘ ਅਤੇ ਤਰਸੇਮ ਨੇ ਵੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਮਾਨਵਤਾ ਕਲਾ ਮੰਚ ਵੱਲੋਂ ਇਨਕਲਾਬੀ ਨਾਟਕ ਤੇ ਕੋਰਿਉਗ੍ਰਾਫੀਆਂ ਪੇਸ਼ ਕੀਤੀਆਂ ਗਈਆਂ।
ਅਜਨਾਲਾ (ਪੱਤਰ ਪ੍ਰੇਰਕ): ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਵੱਲੋਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਅਗਵਾਈ ’ਚ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਸਾਮਰਾਜ ਤੇ ਫਿਰਕੂ ਫਾਸ਼ੀਵਾਦ ਅਤੇ ਜਬਰ ਦੇ ਵਿਰੋਧ ਵਜੋਂ ਮਨਾਇਆ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਜਮੂਹਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਭਾਵੇਂ ਅੰਗਰੇਜ਼ ਸਰਕਾਰ ਨੇ ਇਨ੍ਹਾਂ ਨੂੰ ਫਾਂਸੀ ਦੇ ਦਿੱਤੀ ਪ੍ਰੰਤੂ ਇਨ੍ਹਾਂ ਦੇ ਵਿਚਾਰ ਅੱਜ ਵੀ ਜਿਊਂਦੇ ਹਨ।
ਸ਼ਾਹਕੋਟ (ਪੱਤਰ ਪ੍ਰੇਰਕ): ਪਾਸ਼-ਹੰਸ ਰਾਜ ਸ਼ਹੀਦੀ ਯਾਦਗਾਰ ਕਮੇਟੀ ਵੱਲੋਂ ਤਲਵੰਡੀ ਸਲੇਮ ਵਿੱਚ ਕੌਮੀ ਮੁਕਤੀ ਲਹਿਰ ਦੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਅਤੇ ਇਨਕਲਾਬੀ ਕਵੀ ਅਵਤਾਰ ਪਾਸ਼ ਤੇ ਉਸ ਦੇ ਦੋਸਤ ਹੰਸ ਰਾਜ ਦਾ ਸ਼ਹੀਦੀ ਦਿਵਸ ਮਨਾਇਆ ਗਿਆ। ਮਨੁੱਖੀ ਹੱਕਾਂ ਦੇ ਪਹਿਰੇਦਾਰ ਹਿਮਾਂਸ਼ੂ ਕੁਮਾਰ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਪੰਜਾਬ ਲੋਕ ਸੱਭਿਆਚਾਰਿਕ ਮੰਚ ਦੇ ਸੂਬਾ ਪ੍ਰਧਾਨ ਅਮੋਲਕ ਸਿੰਘ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ‘ਆਓ ਵਿਦੇਸ਼ਾਂ ਵਿੱਚ ਰੁਲਣ ਤੇ ਨਸ਼ਿਆਂ ਨਾਲ ਮਰਨ ਦੀ ਬਜਾਏ ਸ਼ਹੀਦਾਂ ਦੇ ਦਰਸਾਏ ਮਾਰਗ ’ਤੇ ਚੱਲਕੇ ਆਪਣੇ ਹੱਕਾਂ ਖਾਤਿਰ ਲੜ ਕੇ ਮਰੀਏ।’ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਦੇ ਕਨਵੀਨਰ ਸੁਰਿੰਦਰ ਧੰਜਲ, ਉਪਰੇਸ਼ ਗਰੀਨ ਹੰਟ ਜਬਰ ਵਿਰੋਧੀ ਸੰਘਰਸ਼ ਕਮੇਟੀ ਦੇ ਕਨਵੀਨਰ ਬੂਟਾ ਸਿੰਘ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ, ਅਵਤਾਰ ਸਿੰਘ ਪਾਸ਼ ਯਾਦਗਾਰੀ ਟਰੱਸਟ ਦੇ ਮੈਂਬਰ ਜਸਪਾਲ ਜੱਸੀ, ਡਾ. ਪਰਮਿੰਦਰ ਤੇ ਪਾਸ਼ ਹੇਸ ਰਾਜ ਯਾਦਗਾਰੀ ਕਮੇਟੀ ਦੇ ਕਨਵੀਨਰ ਮੋਹਨ ਸਿੰਘ ਬੱਲ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।
ਪਠਾਨਕੋਟ (ਪੱਤਰ ਪ੍ਰੇਰਕ): ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਅੱਜ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਜ਼ਿਲ੍ਹਾ ਪਠਾਨਕੋਟ ਵੱਲੋਂ ਸ਼ਾਹਪੁਰਕੰਡੀ ’ਚ ਮਨਾਇਆ ਗਿਆ। ਇਸ ਮੌਕੇ ਸਾਮਰਾਜੀ ਤੇ ਕਾਰਪੋਰੇਟਾਂ ਦੀ ਲੁੱਟ ਅਤੇ ਦਾਬੇ ਤੋਂ ਮੁਕਤੀ ਦੇ ਸੰਗਰਾਮ ਦੀ ਕਾਮਯਾਬੀ ਤੱਕ ਜੂਝਣ ਦਾ ਸੰਕਲਪ ਲੈਂਦੇ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਫਾਸ਼ੀਵਾਦ ਵਿਰੁੱਧ ਤਿੱਖੇ ਸੰਘਰਸ਼ ਦਾ ਦਿੱਤਾ ਸੱਦਾ
ਬੰਗਾ (ਪੱਤਰ ਪ੍ਰੇਰਕ):
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊਡੈਮੋਕ੍ਰੇਸੀ ਵੱਲੋਂ ਖਟਕੜ ਕਲਾਂ ਵਿੱਚ ਅੱਜ ਸਿਆਸੀ ਕਾਨਫਰੰਸ ਕਰ ਕੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਪਾਰਟੀ ਦੇ ਆਗੂਆਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਬੁੱਤ ’ਤੇ ਫੁੱਲ ਪੱਤੀਆਂ ਭੇਟ ਕੀਤੀਆਂ ਗਈਆਂ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੀ ਪੰਜਾਬ ਇਕਾਈ ਦੇ ਸੀਨੀਅਰ ਆਗੂ ਕਾਮਰੇਡ ਦਰਸ਼ਨ ਸਿੰਘ ਖਟਕੜ, ਕੁਲਵਿੰਦਰ ਸਿੰਘ ਵੜੈਚ ਤੇ ਦਲਜੀਤ ਸਿੰਘ ਐਡਵੋਕੇਟ ਨੇ ਕਿਹਾ ਕਿ ਕੇਂਦਰ ਦੀ ਆਰਐੱਸਐੱਸ-ਭਾਜਪਾ ਸਰਕਾਰ ਫਾਸ਼ੀਵਾਦੀ ਅਤੇ ਹਿੰਦੂਤਵੀ ਏਜੰਡੇ ਲਾਗੂ ਕਰ ਰਹੀ ਹੈ ਜਿਸ ਨਾਲ ਜਮਹੂਰੀ ਅਤੇ ਸੰਵਿਧਾਨਕ ਕਦਰਾਂ ਕੀਮਤਾਂ ਨੂੰ ਭਾਰੀ ਢਾਹ ਲੱਗ ਰਹੀ ਹੈ। ਆਗੂਆਂ ਅਵਤਾਰ ਸਿੰਘ ਤਾਰੀ, ਕਮਲਜੀਤ ਸਨਾਵਾ ਨੇ ਕਿਹਾ ਕਿ ਦੇਸ਼ ਦੇ ਨੇਤਾਵਾਂ ਦੇ ਚਿਹਰੇ ਬਦਲਣ ਨਾਲ ਦੇਸ਼ ਦੀਆਂ ਸਮੱਸਿਆਵਾਂ ਹੱਲ ਨਹੀਂ ਹੋ ਸਕਦੀਆਂ। ਇਸ ਦੇ ਲਈ ਬਰਾਬਰਤਾ ਵਾਲਾ, ਸਮਾਜਵਾਦੀ ਨਵਾਂ ਸਿਆਸੀ-ਆਰਥਿਕ ਢਾਂਚਾ ਉਸਾਰਨ ਲਈ ਇਨਕਲਾਬ ਲਿਆਉਣਾ ਪਵੇਗਾ। ਇਸ ਮੌਕੇ ਆਜ਼ਾਦ ਕਲਾ ਮੰਚ ਫਗਵਾੜਾ ਵੱਲੋਂ ਬੀਬਾ ਕੁਲਵੰਤ ਦੀ ਨਿਰਦੇਸ਼ਨਾ ਹੇਠ ਨਾਟਕ ਤੇ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ।