ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 42 ਲੱਖ ਰੁਪਏ ਠੱਗੇ
ਪੱਤਰ ਪ੍ਰੇਰਕ
ਤਰਨ ਤਾਰਨ, 15 ਨਵੰਬਰ
ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਜਵੰਦਪੁਰ ਦੇ ਇਕ ਕਿਸਾਨ ਪਰਿਵਾਰ ਦੇ ਨੌਜਵਾਨ ਅਰਸ਼ਦੀਪ ਸਿੰਘ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਪੰਜ ਜਣਿਆਂ ਵੱਲੋਂ 42 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ। ਥਾਣਾ ਵੈਰੋਵਾਲ ਦੀ ਪੁਲੀਸ ਨੇ ਅਰਸ਼ਦੀਪ ਸਿੰਘ ਦੇ ਚਾਚਾ ਦਿਲਜੀਤ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਹੈ| ਗਰੋਹ ਦੇ ਮੈਂਬਰਾਂ ਵਿੱਚ ਲਵਪ੍ਰੀਤ ਸਿੰਘ ਲੱਡਾ, ਉਸ ਦੀ ਮਾਂ ਬਲਜੀਤ ਕੌਰ, ਮਨਪ੍ਰੀਤ ਸਿੰਘ ਵਾਸੀ ਰਣਜੀਤ ਐਵੇਨਿਉ ਕਪੂਰਥਲਾ, ਵਿਕਰਮ ਸਿੰਘ ਅਤੇ ਯੋਧਾ ਸਿੰਘ ਵਾਸੀ ਬੁਰੇ ਨੰਗਲ (ਅੰਮ੍ਰਿਤਸਰ) ਦਾ ਨਾਂ ਸ਼ਾਮਲ ਹੈ| ਲਵਪ੍ਰੀਤ ਸਿੰਘ ਲੱਡਾ ਦੀ ਦਿਲਜੀਤ ਸਿੰਘ ਨਾਲ ਦੂਰ ਦੀ ਰਿਸ਼ਤੇਦਾਰੀ ਹੋਣ ਕਰਕੇ ਉਸ ਨੇ ਅਰਸ਼ਦੀਪ ਸਿੰਘ ਨੂੰ ਅਮਰੀਕਾ ਭੇਜਣ ਦੇ ਦਿੱਤੇ ਝਾਂਸੇ ਤਹਿਤ ਫਰਵਰੀ ਮਹੀਨੇ ਦੁਬਈ ਭੇਜ ਦਿੱਤਾ ਜਿਥੇ ਉਹ ਵਿਕਰਮ ਸਿੰਘ ਕੋਲ ਰਿਹਾ| ਇਥੇ ਗਰੋਹ ਨੇ ਅਰਸ਼ਦੀਪ ਸਿੰਘ ਨੂੰ ਕੈਨੇਡਾ ਦਾ ਇਕ ਜਾਅਲੀ ਵੀਜ਼ਾ ਦੇ ਕੇ ਉਸ ਤੋਂ ਆਪਣੇ ਪਰਿਵਾਰ ਨੂੰ ਫੋਨ ਕਰਵਾ ਕੇ ਆਪਣੇ ਖਾਤਿਆਂ ਵਿੱਚ 42 ਲੱਖ ਰੁਪਏ ਦੀ ਰਕਮ ਟਰਾਂਸਫਰ ਕਰਵਾਈ| ਇਸ ਉਪਰੰਤ ਮੁਲਜ਼ਮਾਂ ਨੇ ਅਰਸ਼ਦੀਪ ਸਿੰਘ ’ਤੇ ਅਣਮਨੁੱਖੀ ਤਸ਼ੱਦਦ ਕਰਕੇ ਅਪਰੈਲ ਮਹੀਨੇ ਘਰ ਵਾਪਸ ਭੇਜ ਦਿੱਤਾ| ਵੈਰੋਵਾਲ ਪੁਲੀਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ|