ਡੱਬਵਾਲੀ ਦੇ 25 ਸਬਜ਼ੀ ਆੜ੍ਹਤੀਆਂ ਨੇ ਮੰਡੀ ਕਿੱਲਿਆਂਵਾਲੀ ਵਿੱਚ ਬਣਵਾਏ ਲਾਇਸੈਂਸ
ਇਕਬਾਲ ਸਿੰਘ ਸ਼ਾਂਤ
ਡੱਬਵਾਲੀ/ਲੰਬੀ, 26 ਜੂਨ
ਮਾਰਕੀਟਿੰਗ ਬੋਰਡ ਹਰਿਆਣਾ ਦਾ ‘ਤਕਨੀਕੀ ਪੇਂਚ’ ਪੰਜਾਬ ਮੰਡੀ ਬੋਰਡ ਲਈ ਮੁਨਾਫੇ ਦਾ ਸੌਦਾ ਬਣ ਗਿਆ ਹੈ। ਡੱਬਵਾਲੀ ਦੇ 25 ਸਬਜ਼ੀ ਅਤੇ ਫਰੂਟ ਆੜ੍ਹਤੀਆਂ ਨੇ ਪੰਜਾਬ ਮੰਡੀ ਬੋਰਡ ਤੋਂ ਮੰਡੀ ਕਿੱਲਿਆਂਵਾਲੀ (ਪੰਜਾਬ) ‘ਚ ਸਥਿਤ ਸਬਜ਼ੀ ਮੰਡੀ ਵਿੱਚ ਲਾਇਸੈਂਸ ਬਣਵਾ ਲਏ ਹਨ। ਜਦਕਿ ਚਾਰ ਲਾਇਸੈਂਸ ਵੇਰੀਫਿਕੇਸ਼ਨ ਦੀ ਪ੍ਰਕਿਰਿਆ ‘ਚ ਹਨ। ਮੰਡੀ ਕਿੱਲਿਆਂਵਾਲੀ ਵਿੱਚ ਉਕਤ ਲਾਇਸੈਂਸ ਧਾਰਕਾਂ ਵੱਲੋਂ ਕਾਰੋਬਾਰ ਸ਼ੁਰੂ ਕਰਨ ਨਾਲ ਪੰਜਾਬ ਮੰਡੀ ਬੋਰਡ ਨੂੰ ਪ੍ਰਤੀ ਮਹੀਨਾ ਲਗਪਗ 4-5 ਲੱਖ ਰੁਪਏ ਵਾਧੂ ਮਾਰਕੀਟ ਫ਼ੀਸ-ਕਮ-ਆਰਡੀਐਫ਼ ਮਿਲਣ ਦੀ ਸੰਭਾਵਨਾ ਹੈ। ਜਦਕਿ ਆੜ੍ਹਤੀਆਂ ਦੇ ਪਲਾਇਨ ਨਾਲ ਮਾਰਕੀਟਿੰਗ ਬੋਰਡ ਹਰਿਆਣਾ ਨੂੰ ਲੱਖਾਂ ਰੁਪਏ ਸਾਲਾਨਾ ਦਾ ਆਰਥਿਕ ਨੁਕਸਾਨ ਹੋਵੇਗਾ। ਜ਼ਿਕਰਯੋਗ ਹੈ ਕਿ ਡੱਬਵਾਲੀ ਦੇ 32 ਵਿੱਚੋਂ 12 ਸਬਜ਼ੀ ਅਤੇ ਫਰੂਟ ਆੜ੍ਹਤੀਆਂ ਨੂੰ ਨਵੀਂ ਸਬਜ਼ੀ ਮੰਡੀ (ਡੱਬਵਾਲੀ) ਵਿੱਚ ਰਾਖਵੀਂਆਂ ਦਰਾਂ ‘ਤੇ ਦੁਕਾਨਾਂ ਅਲਾਟ ਹੋਈਆਂ ਹਨ। ਤਕਨੀਕੀ ਕਾਰਨਾਂ ਕਰਕੇ ਦੁਕਾਨ ਮਿਲਣ ਤੋਂ ਵਾਂਝੇ ਰਹੇ ਕਰੀਬ 20 ਸਬਜ਼ੀ ਤੇ ਫਰੂਟ ਆੜ੍ਹਤੀਆਂ ਨੇ ਦੋ ਹਫ਼ਤੇ ਪਹਿਲਾਂ ਮਾਰਕੀਟ ਕਮੇਟੀ ਮਲੋਟ ਦੇ ਤਹਿਤ ਆਨਲਾਈਨ ਲਾਇਸੈਂਸ ਅਪਲਾਈ ਕੀਤੇ ਸਨ। ਸਬਜ਼ੀ ਅਤੇ ਫਰੂਟ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਗੁਪਤਾ ਨੇ ਕਿਹਾ ਕਿ ਛੇਤੀ ਹੀ ਸਬਜ਼ੀ ਮੰਡੀ ਕਿੱਲਿਆਂਵਾਲੀ ਵਿੱਚ ਕਾਰੋਬਾਰ ਸ਼ੁਰੂ ਕੀਤਾ ਜਾਵੇਗਾ। ਉਹ ਹਰਿਆਣਾ ਵਿੱਚ ਦੁਕਾਨ ਅਲਾਟ ਵਾਲੇ ਸਾਥੀ ਆੜ੍ਹਤੀਆਂ ਨੂੰ ਵੀ ਮੰਡੀ ਕਿੱਲਿਆਂਵਾਲੀ ‘ਚ ਕਾਰੋਬਾਰ ਲਈ ਮਨਾਉਣ ਵਿੱਚ ਜੁਟੇ ਹਨ। ਮਾਰਕੀਟ ਕਮੇਟੀ ਮਲੋਟ ਦੇ ਸਕੱਤਰ ਅਮਨਦੀਪ ਸਿੰਘ ਕੰਗ ਨੇ ਦੱਸਿਆ ਕਿ ਸਬਜ਼ੀ ਮੰਡੀ ਕਿੱਲਿਆਂਵਾਲੀ ‘ਚ 25 ਸਬਜ਼ੀ ਆੜ੍ਹਤੀਆਂ ਨੂੰ ਲਾਇਸੈਂਸ ਜਾਰੀ ਕਰ ਦਿੱਤੇ ਗਏ ਹਨ ਅਤੇ ਚਾਰ ਵੇਰੀਫਿਕੇਸ਼ਨ ਹੇਠਾਂ ਹਨ।