ਏਸੀਬੀ ਵੱਲੋਂ ਸਿਸੋਦੀਆ ਤੇ ਸਤੇਂਦਰ ਜੈਨ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਕੇਸ ਦਰਜ
ਨਵੀਂ ਦਿੱਲੀ, 30 ਅਪਰੈਲ
ਦਿੱਲੀ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ (ਏਸੀਬੀ) ਨੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਿਛਲੀ ਸਰਕਾਰ ਦੌਰਾਨ 12,748 ਕਲਾਸਰੂਮਾਂ ਦੇ ਨਿਰਮਾਣ ’ਚ ਕਥਿਤ ਭ੍ਰਿਸ਼ਟਾਚਾਰ ਨੂੰ ਲੈ ਕੇ ‘ਆਪ’ ਆਗੂਆਂ ਮਨੀਸ਼ ਸਿਸੋਦੀਆ ਤੇ ਸਤੇਂਦਰ ਜੈਨ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸੇ ਦੌਰਾਨ ਦਿੱਲੀ ਭਾਜਪਾ ਦੇ ਇੰਚਾਰਜ ਵੀਰੇਂਦਰ ਸਚਦੇਵਾ ਨੇ ਕਥਿਤ ਘੁਟਾਲੇ ’ਚ ਦਿੱਲੀ ਦੇ ਤਤਕਾਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਭੂਮਿਕਾ ਦੀ ਜਾਂਚ ਦੀ ਮੰਗ ਕੀਤੀ ਹੈ।
ਏਸੀਬੀ ਨੇ ਇੱਕ ਬਿਆਨ ’ਚ ਕਿਹਾ ਕਿ ਇਹ ਘੁਟਾਲਾ ਲਗਪਗ 2,000 ਕਰੋੜ ਰੁਪਏ ਦਾ ਹੈ, ਜਿਸ ਵਿੱਚ ਬਹੁਤ ਜ਼ਿਆਦਾ ਵਧੀ ਹੋਈ ਦਰ ’ਤੇ ਠੇਕੇ ਦਿੱਤੇ ਗਏ ਸਨ। ਬਿਆਨ ਮੁਤਾਬਕ ਕਥਿਤ ਤੌਰ ’ਤੇ ਹਰ ਕਲਾਸਰੂਮ ਦਾ ਨਿਰਮਾਣ 24.86 ਲੱਖ ਰੁਪਏ ’ਚ ਕੀਤਾ ਗਿਆ, ਜੋ ਆਮ ਲਾਗਤ (5 ਲੱਖ ਰੁਪਏ) ਤੋਂ ਪੰਜ ਗੁਣਾ ਵੱਧ ਹੈ। ਬਿਆਨ ’ਚ ਕਿਹਾ ਗਿਆ ਕਿ ਇਹ ਕੰਮ ‘ਆਪ’ ਨਾਲ ਜੁੜੇ ਠੇਕੇਦਾਰਾਂ ਨੂੰ ਸੌਂਪਿਆ ਗਿਆ ਸੀ ਜਦੋਂ ਸਿਸੋਦੀਆ ਸਿੱਖਿਆ ਮੰਤਰੀ ਅਤੇ ਜੈਨ ਪੀਡਬਲਿਊਡੀ ਮੰਤਰੀ ਸਨ। ਬਿਆਨ ਅਨੁਸਾਰ ਸਮਰੱਥ ਅਧਿਕਾਰੀ ਤੋਂ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਦੀ ਧਾਰਾ 17ਏ ਤਹਿਤ ਮਨਜ਼ੂਰੀ ਮਿਲਣ ਮਗਰੋਂ ਕੇਸ ਦਰਜ ਕੀਤਾ ਗਿਆ ਹੈ।
ਏਸੀਬੀ ਅਧਿਕਾਰੀਆਂ ਮੁਤਾਬਕ ਇਹ ਪ੍ਰਾਜੈਕਟ ਜੂਨ 2016 ’ਚ ਪੂਰਾ ਕਰਨ ਦੀ ਸ਼ਰਤ ਸੀ। ਇਸ ਮਾਮਲੇ ਸਬੰਧੀ ’ਚ ਭਾਜਪਾ ਆਗੂਆਂ ਹਰੀਸ਼ ਖੁਰਾਣਾ, ਕਪਿਲ ਮਿਸ਼ਰਾ ਤੇ ਨੀਲਕੰਠ ਬਖਸ਼ੀ ਤੋਂ ਸ਼ਿਕਾਇਤਾਂ ਮਿਲੀਆਂ ਸਨ। -ਪੀਟੀਆਈ
ਪਾਰਟੀ ਆਗੂਆਂ ਨੂੰ ਡਰਾਉਣ ਲਈ ਕੇਸ ਦਰਜ ਕੀਤਾ ਗਿਆ: ‘ਆਪ’
‘ਆਪ’ ਦੇ ਮੀਡੀਆ ਇੰਚਾਰਜ ਅਨੁਰਾਗ ਢਾਂਡਾ ਨੇ ਕਿਹਾ ਕਿ ਮਨੀਸ਼ ਸਿਸੋਦੀਆ ਤੇ ਜੈਨ ਨੂੰ ਪਾਰਟੀ ਦੀ ਪੰਜਾਬ ਇਕਾਈ ਦਾ ਇੰਚਾਰਜ ਤੇ ਸਹਿ-ਇੰਚਾਰਜ ਨਿਯੁਕਤ ਕਰਨ ਦੇ ਮੱਦੇਨਜ਼ਰ ਉਨ੍ਹਾਂ ’ਤੇ ਦਬਾਅ ਬਣਾਉਣ ਤੇ ਡਰਾਉਣ ਲਈ ਦੋਵਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਕੋਲ ਕੋਈ ਕੰਮ ਨਹੀਂ ਹੈ ਅਤੇ ਹਰ ਮਾਮਲੇ ’ਚ ਉਹ ‘ਆਪ’ ਆਗੂਆਂ ਖ਼ਿਲਾਫ਼ ਕੇਸ ਦਰਜ ਕਰਵਾ ਦਿੰਦੀ ਹੈ।