ਹਵਾ ਪ੍ਰਦੂਸ਼ਣ ’ਤੇ ਕੈਗ ਰਿਪੋਰਟ ਅੱਜ ਵਿਧਾਨ ਸਭਾ ’ਚ ਹੋਵੇਗੀ ਪੇਸ਼
ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਮਾਰਚ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਦੋਸ਼ ਲਾਇਆ ਕਿ ਪਿਛਲੀ ਸਰਕਾਰ ਦੇ ਕੁਪ੍ਰਬੰਧਾਂ ਕਾਰਨ ਡੀਟੀਸੀ ਨੂੰ ਕਾਫ਼ੀ ਨੁਕਸਾਨ ਹੋਇਆ ਹੈ ਅਤੇ ਜਵਾਬਦੇਹੀ ਦੀ ਮੰਗ ਕੀਤੀ ਗਈ ਹੈ। ਇਕ ਹੋਰ ਕੰਪਟਰੋਲਰ ਅਤੇ ਆਡੀਟਰ ਜਨਰਲ (ਕੈਗ) ਦੀ ਆਡਿਟ ਰਿਪੋਰਟ ਪਹਿਲੀ ਅਪਰੈਲ ਨੂੰ ਦਿੱਲੀ ਵਿਧਾਨ ਸਭਾ ਵਿਚ ‘ਵਾਹਨਾਂ ਤੋਂ ਹਵਾ ਪ੍ਰਦੂਸ਼ਣ ਦੀ ਰੋਕਥਾਮ’ ’ਤੇ ਪੇਸ਼ ਕੀਤੀ ਜਾਵੇਗੀ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਸਦਨ ਵਿੱਚ ਕੈਗ ਦੀ ਰਿਪੋਰਟ ਪੇਸ਼ ਕਰੇਗੀ। ਰਿਪੋਰਟ ਸਦਨ ਵਿੱਚ ਪੇਸ਼ ਕਰਨ ਲਈ ਤਿਆਰ ਹੈ।
ਇਸ ਤੋਂ ਪਹਿਲਾਂ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀਟੀਸੀ) ‘ਤੇ ਕੰਪਟਰੋਲਰ ਅਤੇ ਆਡੀਟਰ ਜਨਰਲ (ਕੈਗ) ਦੀ ਆਡਿਟ ਰਿਪੋਰਟ ’ਤੇ ਚਰਚਾ ਦੌਰਾਨ ਦੋਸ਼ ਲਾਇਆ ਸੀ ਕਿ ਪਿਛਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਡੀਟੀਸੀ ਨੂੰ 70,471 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ।
ਉਨ੍ਹਾਂ ਮੁਤਾਬਕ ਪਿਛਲੀ ਸਰਕਾਰ ਵੱਲੋਂ ਇੱਕ ਮੁਨਾਫੇ ਵਾਲੇ ਵਿਭਾਗ ਨੂੰ ਘਾਟੇ ਵਿੱਚ ਬਦਲ ਦਿੱਤਾ। ਡੀਟੀਸੀ ਨੂੰ 70,471 ਕਰੋੜ ਰੁਪਏ ਦਾ ਨੁਕਸਾਨ ਹੋਇਆ। ਬੱਸਾਂ 814 ਵਿੱਚੋਂ ਸਿਰਫ਼ 468 ਰੂਟਾਂ ‘ਤੇ ਚਲਾਈਆਂ ਗਈਆਂ। ਪੈਸਾ ਸਿਰਫ਼ ਇਸ਼ਤਿਹਾਰਾਂ ’ਤੇ ਹੀ ਖਰਚਿਆ ਗਿਆ। ਇੱਥੋਂ ਤੱਕ ਕਿ ਕੇਂਦਰ ਤੋਂ ਮਿਲੇ 233 ਕਰੋੜ ਰੁਪਏ ਵੀ ਖਰਚੇ ਨਹੀਂ ਗਏ। ਦਿੱਲੀ ਵਿੱਚ ਠੰਢ ਦੌਰਾਨ ਪ੍ਰਦੂਸ਼ਣ ਦੀ ਮਾਰ ਪੈਂਦੀ ਹੈ ਅਤੇ ਕਈ ਵਾਰ ਸਕੂਲਾਂ ਵਿੱਚ ਛੁੱਟੀਆਂ ਕਰਨ ਤੱਕ ਦੀ ਨੌਬਤ ਆ ਚੁੱਕੀ ਹੈ।