ਹਲਵਾਰਾ ਦੇ ਕੌਮਾਂਤਰੀ ਹਵਾਈ ਅੱਡੇ ਦੀ ਉਸਾਰੀ ਮੁੜ ਠੱਪ
ਸੰਤੋਖ ਗਿੱਲ
ਗੁਰੂਸਰ ਸੁਧਾਰ, 30 ਮਾਰਚ
ਕੌਮਾਂਤਰੀ ਹਵਾਈ ਅੱਡਾ ਹਲਵਾਰਾ ਦੀ ਉਸਾਰੀ ਦਾ ਕੰਮ ਅੰਤਿਮ ਪੜਾਅ ’ਤੇ ਪਹੁੰਚਣ ਮਗਰੋਂ ਇੱਕ ਵਾਰ ਮੁੜ ਠੱਪ ਹੋ ਗਿਆ ਹੈ। ਹਾਲਾਂਕਿ ਐਕਸੀਅਨ ਪ੍ਰਦੀਪ ਕੁਮਾਰ ਨੇ ਦਾਅਵਾ ਕੀਤਾ ਹੈ ਕਿ ਲੋਕ ਨਿਰਮਾਣ ਵਿਭਾਗ ਵੱਲੋਂ ਆਪਣਾ ਕੰਮ ਮੁਕੰਮਲ ਕਰ ਲਿਆ ਗਿਆ ਹੈ ਪਰ ਭਾਰਤੀ ਹਵਾਈ ਫ਼ੌਜ ਦੇ ਹਲਵਾਰਾ ਕੇਂਦਰ ਦੇ ਕੈਂਪਸ ਵਿੱਚ ਮਿਲਟਰੀ ਇੰਜਨੀਅਰ ਸਰਵਿਸ ਵੱਲੋਂ ਕੀਤਾ ਜਾਣ ਵਾਲਾ ਕੰਮ ਅਧੂਰਾ ਹੈ। ਰੱਖਿਆ ਮੰਤਰਾਲੇ ਤੇ ਭਾਰਤੀ ਹਵਾਈ ਫ਼ੌਜ ਦੇ ਦਿੱਲੀ ਮੁੱਖ ਦਫ਼ਤਰ ਤੋਂ ਮਨਜ਼ੂਰੀ ਮਿਲਣ ਬਾਅਦ, ਕੌਮਾਂਤਰੀ ਸਿਵਲ ਟਰਮੀਨਲ ਅਤੇ ਭਾਰਤੀ ਹਵਾਈ ਫ਼ੌਜ ਕੇਂਦਰ ਹਲਵਾਰਾ ਦਰਮਿਆਨ ਕਰੀਬ 60 ਮੀਟਰ ਲੰਬੀ ਕੰਧ ਢਾਹ ਦਿੱਤੀ ਗਈ ਹੈ ਤੇ ਉਸ ਥਾਂ ਉਪਰ ਵਿਸ਼ਾਲ ਸਲਾਈਡਿੰਗ ਗੇਟ ਲਾ ਦਿੱਤਾ ਗਿਆ ਹੈ। ਸਿਵਲ ਹਵਾਈ ਅੱਡੇ ਦੇ ਟੈਕਸੀਵੇਅ ਨੂੰ ਹਵਾਈ ਪੱਟੀ ਨਾਲ ਜੋੜਨ ਦਾ ਕੰਮ ਮਿਲਟਰੀ ਇੰਜਨੀਅਰ ਸਰਵਿਸ ਵੱਲੋਂ ਕੀਤਾ ਜਾਣਾ ਹੈ ਅਤੇ ਇਸ ਦਾ ਠੇਕਾ ਇੱਕ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਗਿਆ ਹੈ। ਭਾਰਤੀ ਹਵਾਈ ਫ਼ੌਜ ਹਲਵਾਰਾ ਦੀ ਹਵਾਈ ਪੱਟੀ ਅਤੇ ਏਅਰ ਟਰੈਫਿਕ ਕੰਟਰੋਲਰ ਨਿਰਮਾਣ ਅਧੀਨ ਕੌਮਾਂਤਰੀ ਹਵਾਈ ਅੱਡੇ ਲਈ ਵਰਤਿਆ ਜਾਣਾ ਹੈ। ਸੂਤਰਾਂ ਅਨੁਸਾਰ ਸਿਵਲ ਤੇ ਹਵਾਈ ਫ਼ੌਜ ਦੀ ਹਵਾਈ ਪੱਟੀ ਦੇ ਟੈਕਸੀਵੇਅ ਨੂੰ ਸਿਵਲ ਟੈਕਸੀਵੇਅ ਨਾਲ ਜੋੜਨ ਦਾ ਕੰਮ ਠੇਕਾ ਕੰਪਨੀ ਨੂੰ ਅਦਾਇਗੀ ਰੁਕਣ ਕਾਰਨ ਸ਼ੁਰੂ ਹੋਣ ਬਾਅਦ ਹੀ ਰੁਕ ਗਿਆ ਸੀ। ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਪ੍ਰਦੀਪ ਕੁਮਾਰ ਅਨੁਸਾਰ ਠੇਕਾ ਕੰਪਨੀ ਨੂੰ ਵੀ ਅਦਾਇਗੀ ਹੋਣ ਦੀ ਸੂਚਨਾ ਮਿਲੀ ਹੈ, ਹੁਣ ਅੰਤਿਮ ਪੜਾਅ ਦਾ ਕੰਮ ਵੀ ਜਲਦੀ ਮੁਕੰਮਲ ਹੋਣ ਦੀ ਸੰਭਾਵਨਾ ਹੈ। ਉੱਧਰ ਹਵਾਈ ਅੱਡੇ ਦੀ ਸੁਰੱਖਿਆ ਲਈ ਤਾਇਨਾਤ ਪੰਜਾਬ ਪੁਲੀਸ ਵੱਲੋਂ ਸੁਰੱਖਿਆ ਵਧਾ ਦਿੱਤੀ ਗਈ ਹੈ।