ਹਰਿਆਣਾ ਦੀ ਪੁਲੀਸ ਚੌਕੀ ’ਤੇ ਗ੍ਰਨੇਡ ਹਮਲਾ
ਸੁਭਾਸ਼ ਚੰਦਰ
ਸਮਾਣਾ, 6 ਅਪਰੈਲ
ਪੰਜਾਬ-ਹਰਿਆਣਾ ਦੀ ਹੱਦ ’ਤੇ ਸਥਿਤ ਹਾਂਸੀ ਬੁਟਾਣਾ ਨਹਿਰ ਨੇੜੇ ਬਣੀ ਅਜ਼ੀਮਗੜ੍ਹ (ਹਰਿਆਣਾ) ਪੁਲੀਸ ਚੌਕੀ ’ਤੇ ਅੱਜ ਤੜਕੇ ਗ੍ਰਨੇਡ ਸੁੱਟੇ ਜਾਣ ਦੀ ਕਥਿਤ ਘਟਨਾ ਕਾਰਨ ਇਲਾਕੇ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਜਦਕਿ ਹਰਿਆਣਾ ਪੁਲੀਸ ਨੇ ਇਸ ਨੂੰ ਸਿਰਫ਼ ਅਫਵਾਹ ਦੱਸਿਆ ਹੈ।
ਇਸ ਘਟਨਾ ਸੰਬਧੀ ਸਰਗਰਮੀ ਉਸ ਸਮੇਂ ਸ਼ੁਰੂ ਹੋਈ ਜਦੋਂ ਬੱਬਰ ਖਾਲਸਾ ਦੇ ਲੈਟਰ ਹੈੱਡ ’ਤੇ ਹੈੱਪੀ ਪੰਛੀਆ, ਗੋਪੀ ਨਵਾਂ ਸ਼ਹਿਰੀਆ ਤੇ ਮਨੂੰ ਅਗਵਾਨ ਨਾਂ ਦੇ ਵਿਅਕਤੀਆਂ ਨੇ ਪਟਿਆਲਾ ਤੇ ਨਾਭਾ ਇਲਾਕਿਆਂ ਸਣੇ ਪੰਜਾਬ ਦੇ ਲੋਕਾਂ ਨੂੰ ਪੁਲੀਸ ਵੱਲੋਂ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਉਂਦੇ ਹੋਏ ਅੱਜ ਤੜਕੇ ਸਵੇਰੇ 4 ਵਜੇ ਅਜ਼ੀਮਗੜ੍ਹ ਪੁਲੀਸ ਚੌਕੀ ’ਤੇ ਗ੍ਰਨੇਡ ਨਾਲ ਹਮਲਾ ਕਰਨ ਦੀ ਜ਼ਿੰਮੇਵਾਰੀ ਲੈਣ ਸੰਬਧੀ ਪੱਤਰ ਜਾਰੀ ਕੀਤਾ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਜ਼ਿਲ੍ਹਾ ਕੈਥਲ ਤੋਂ ਸੀਆਈਏ ਸਟਾਫ ਦੇ ਮੁਖੀ ਨੇ ਹਰਿਆਣਾ ਦੇ ਪੁਲੀਸ ਅਧਿਕਾਰੀਆਂ ਤੋਂ ਇਲਾਵਾ ਪਟਿਆਲਾ ਪੁਲੀਸ ਦੇ ਐੱਸਪੀਡੀ ਯੋਗੇਸ਼ ਸ਼ਰਮਾ ਨੇ ਵੀ ਅਜ਼ੀਮਗੜ੍ਹ ਪੁਲੀਸ ਚੌਕੀ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਨੇੜਲੇ ਬਸਤੀ ਨਿਵਾਸੀਆਂ ਤੋਂ ਵੀ ਜਾਣਕਾਰੀ ਪ੍ਰਾਪਤ ਕਰਨ ਲਈ ਉਨ੍ਹਾਂ ਨਾਲ ਗੱਲਬਾਤ ਕੀਤੀ। ਅਜ਼ੀਮਗੜ੍ਹ ਪੁਲੀਸ ਚੌਕੀ ਦੇ ਮੁਖੀ ਸਬ-ਇੰਸਪੈਕਟਰ ਦਲਬੀਰ ਸਿੰਘ ਨੇ ਇਸ ਨੂੰ ਘਟਨਾ ਨੂੰ ਅਫਵਾਹ ਦੱਸਦਿਆਂ ਕਿਹਾ ਕਿ ਰਾਤ ਨੂੰ ਉਹ ਚੌਕੀ ’ਚ ਮੌਜੂਦ ਸਨ ਅਤੇ ਉਨ੍ਹਾਂ ਧਮਾਕੇ ਦੀ ਕੋਈ ਆਵਾਜ਼ ਨਹੀਂ ਸੁਣੀ।