ਹਮਲੇ ਦੇ ਵਿਰੋਧ ਵਿੱਚ ਸੜਕਾਂ ’ਤੇ ਉਤਰੇ ਕਸ਼ਮੀਰੀ
ਸ੍ਰੀਨਗਰ, 23 ਅਪਰੈਲ
ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲੇ ਖ਼ਿਲਾਫ਼ ਅੱਜ ਸ਼ਹਿਰਾਂ ਤੇ ਪਿੰਡਾਂ ਵਿੱਚ ਲੋਕ ਸੜਕਾਂ ’ਤੇ ਉਤਰ ਆਏ। ਇਸ ਹਮਲੇ ਵਿੱਚ 26 ਜਣੇ ਮਾਰੇ ਗਏ ਜਿਨ੍ਹਾਂ ਵਿੱਚ ਜ਼ਿਆਦਾਤਰ ਸੈਲਾਨੀ ਹਨ। ਸ੍ਰੀਨਗਰ ਸ਼ਹਿਰ ਅਤੇ ਕਸ਼ਮੀਰ ਦੇ ਬਾਕੀ ਹਿੱਸਿਆਂ ਵਿੱਚ ਬੰਦ ਦਾ ਮਾਹੌਲ ਰਿਹਾ, ਜੋ ਹਾਲ ਹੀ ਦੇ ਦਿਨਾਂ ਦੌਰਾਨ ਪਹਿਲੀ ਵਾਰ ਹੋਇਆ ਹੈ। ਕਸ਼ਮੀਰ ਵਿੱਚ ਕਰੀਬ ਛੇ ਸਾਲਾਂ ਵਿੱਚ ਇਹ ਪਹਿਲਾ ਬੰਦ ਹੈ। ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਸ੍ਰੀਨਗਰ ਵਿੱਚ ਰੋਸ ਮਾਰਚ ਦੌਰਾਨ ਦੇਸ਼ ਵਾਸੀਆਂ ਤੋਂ ਮੁਆਫ਼ੀ ਮੰਗੀ ਅਤੇ ਕਿਹਾ ਕਿ ਕਸ਼ਮੀਰੀ ਇਸ ਘਟਨਾ ਤੋਂ ਸ਼ਰਮਿੰਦਾ ਹਨ। ਸੱਤਾਧਾਰੀ ਨੈਸ਼ਨਲ ਕਾਨਫਰੰਸ ਨੇ ਵੀ ਲਾਲ ਚੌਕ ਤੱਕ ਮਾਰਚ ਕੱਢਿਆ। ਸਾਰੇ ਵਰਗ ਦੇ ਲੋਕਾਂ ਨੇ ਸੈਲਾਨੀਆਂ ’ਤੇ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਤਿਵਾਦੀ ਵਾਦੀ ਦੇ ਅਰਥਚਾਰੇ ਦੀ ਨੀਂਹ ’ਤੇ ਹਮਲਾ ਕਰ ਰਹੇ ਹਨ। ਦੱਖਣੀ ਕਸ਼ਮੀਰ ਦੇ ਜ਼ਿਲ੍ਹਿਆਂ ਵਿੱਚ ਵੀ ਵਿਰੋਧ ਪ੍ਰਦਰਸ਼ਨ ਹੋਏ, ਜਿੱਥੇ 2016 ਵਿੱਚ ਹਿਜ਼ਬੁਲ ਮੁਜਾਹਿਦੀਨ ਦੇ ਅਤਿਵਾਦੀ ਬੁਰਹਾਨ ਵਾਨੀ ਦੇ ਮਾਰੇ ਜਾਣ ਮਗਰੋਂ ਸਥਾਨਕ ਲੋਕ ਸੜਕਾਂ ’ਤੇ ਉਤਰ ਆਏ ਸਨ। ਉਤਰੀ ਕਸ਼ਮੀਰ ਵਿੱਚ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਕਸਬੇ ਵਿੱਚ ਪ੍ਰਦਰਸ਼ਨਕਾਰੀਆਂ ਵਿੱਚ ਸਮਾਜਿਕ ਕਾਰਕੁਨ ਤੌਸੀਫ ਅਹਿਮਦ ਵਾਰ ਵੀ ਸ਼ਾਮਲ ਸਨ।
ਇਸ ਦੌਰਾਨ ਅਚਾਨਕ ਆਏ ਹੜ੍ਹ ਅਤੇ ਢਿੱਗਾਂ ਡਿੱਗਣ ਦੀਆਂ ਕਈ ਘਟਨਾਵਾਂ ਦੇ ਬਾਵਜੂਦ ਜੰਮੂ ਦੇ ਰਾਮਬਨ ਜ਼ਿਲ੍ਹੇ ਦੇ ਵਸਨੀਕਾਂ ਨੇ ਅੱਜ ਮੁਕੰਮਲ ਬੰਦ ਰੱਖਿਆ ਅਤੇ ਅਤਿਵਾਦੀ ਹਮਲੇ ਦੀ ਨਿਖੇਧੀ ਕਰਦਿਆਂ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਕੀਤਾ। -ਪੀਟੀਆਈ
ਪ੍ਰਦਰਸ਼ਨ ਦੌਰਾਨ ਕਾਂਗਰਸੀ ਕਾਰਕੁਨਾਂ ਦੀ ਪੁਲੀਸ ਨਾਲ ਝੜਪ
ਜੰਮੂ: ਪਹਿਲਗਾਮ ਅਤਿਵਾਦੀ ਹਮਲੇ ਦੇ ਅਗਲੇ ਦਿਨ ਅੱਜ ਜੰਮੂ ਖੇਤਰ ਵਿੱਚ ਮੁੱਖਧਾਰਾ ਦੀਆਂ ਸਿਆਸੀ ਧਿਰਾਂ, ਸਮਾਜਿਕ-ਸਿਆਸੀ ਅਤੇ ਧਾਰਮਿਕ ਜਥੇਬੰਦੀਆਂ ਨੇ ਵੱਡੇ ਪੱਧਰ ’ਤੇ ਪਾਕਿਸਤਾਨ ਖ਼ਿਲਾਫ਼ ਪ੍ਰਦਰਸ਼ਨ ਕੀਤੇ। ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ ਦੇ ਪੁਤਲੇ ਫੂਕੇ ਅਤੇ ਨਾਅਰੇਬਾਜ਼ੀ ਕੀਤੀ। ਪਹਿਲਗਾਮ ਅਤਿਵਾਦੀ ਹਮਲੇ ਦੇ ਵਿਰੋਧ ਵਿੱਚ ਇੱਥੇ ਮਾਰਚ ਕੱਢਣ ਦੀ ਇਜਾਜ਼ਤ ਮੰਗਣ ਮੌਕੇ ਕਾਂਗਰਸੀ ਕਾਰਕੁਨਾਂ ਦੀ ਪੁਲੀਸ ਨਾਲ ਝੜਪ ਹੋ ਗਈ। ਇਸ ਦੌਰਾਨ ਭਾਜਪਾ ਦੇ ਵਿਧਾਇਕ ਯੁੱਧਵੀਰ ਸੇਠੀ ਦੀ ਅਗਵਾਈ ਹੇਠ ਹਿੰਦੂ ਜਥੇਬੰਦੀਆਂ ਨੇ ਇੱਥੇ ਸਤਵਾਰੀ ਖੇਤਰ ਵਿੱਚ ਰੋਸ ਮਾਰਚ ਕੀਤਾ। -ਪੀਟੀਆਈ
ਅਖ਼ਬਾਰਾਂ ਨੇ ਪਹਿਲੇ ਪੰਨੇ ਕਾਲੇ ਰੰਗ ’ਚ ਪ੍ਰਕਾਸ਼ਿਤ ਕੀਤੇ
ਸ੍ਰੀਨਗਰ: ਪਹਿਲਗਾਮ ਦਹਿਸ਼ਤੀ ਹਮਲੇ ਦੇ ਰੋਸ ਵਜੋਂ ਕਸ਼ਮੀਰ ਦੇ ਕਈ ਅਖ਼ਬਾਰਾਂ ਨੇ ਅੱਜ ਆਪਣਾ ਪਹਿਲਾ ਪੰਨਾ ਕਾਲੇ ਰੰਗ ’ਚ ਪ੍ਰਕਾਸ਼ਿਤ ਕੀਤਾ। ਅਖ਼ਬਾਰਾਂ ਵੱਲੋਂ ਕੀਤਾ ਗਿਆ ਇਹ ਵਿਰੋਧ, ਜਿਨ੍ਹਾਂ ’ਚੋਂ ਹਰ ਇਕ ਨੇ ਸਫ਼ੈਦ ਜਾਂ ਲਾਲ ਰੰਗ ’ਚ ਤਿੱਖੀਆਂ ਸੁਰਖੀਆਂ ਦਿੱਤੀਆਂ ਸਨ, ਇਕਜੁੱਟਤਾ ਅਤੇ ਦੁੱਖ ਦਾ ਜ਼ੋਰਦਾਰ ਜਨਤਕ ਪ੍ਰਦਰਸ਼ਨ ਸੀ। ਇਹ ਅਣਮਨੁੱਖੀ ਕਾਰੇ ਖ਼ਿਲਾਫ਼ ਸਥਾਨਕ ਲੋਕਾਂ ਅਤੇ ਮੀਡੀਆ ਵੱਲੋਂ ਮਹਿਸੂਸ ਕੀਤੇ ਗਏ ਸਾਂਝੇ ਦੁੱਖ ਦਾ ਪ੍ਰਤੀਕ ਵੀ ਮੰਨਿਆ ਜਾ ਰਿਹਾ ਹੈ। -ਪੀਟੀਆਈ