ਮਨੀਪੁਰ: ਤਮੇਂਗਲੋਂਗ ਜ਼ਿਲ੍ਹੇ ’ਚ ਝੜਪਾਂ ’ਚ 25 ਜ਼ਖ਼ਮੀ
ਇੰਫਾਲ, 1 ਮਈ
ਮਨੀਪੁਰ ਦੇ ਤਮੇਂਗਲੋਂਗ ਜ਼ਿਲ੍ਹੇ ਵਿੱਚ ਨਾਗਾ ਫ਼ਿਰਕੇ ਦੇ ਦੋ ਪਿੰਡਾਂ ’ਚ ਜ਼ਮੀਨੀ ਵਿਵਾਦ ਕਾਰਨ ਹੋਈਆਂ ਝੜਪਾਂ ’ਚ 12 ਸੁਰੱਖਿਆ ਮੁਲਾਜ਼ਮਾਂ ਸਮੇਤ ਘੱਟੋ-ਘੱਟ 25 ਜਣੇ ਜ਼ਖ਼ਮੀ ਹੋ ਗਏ, ਜਿਸ ਮਗਰੋਂ ਜ਼ਿਲ੍ਹੇ ਦੇ ਕੁਝ ਹਿੱਸਿਆਂ ਵਿੱਚ ਮਨਾਹੀ ਦੇ ਹੁਕਮ ਲਾਗੂ ਕਰ ਦਿੱਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਸ਼ਾਮ ਨੂੰ ਉਸ ਸਮੇਂ ਵਾਪਰੀ ਜਦੋਂ ਓਲਡ ਤਮੇਂਗਲੋਂਗ ਪਿੰਡ ਦੇ ਲਗਪਗ 2,000 ਵਸਨੀਕ ਜ਼ਮੀਨੀ ਵਿਵਾਦ ’ਤੇ ਮੰਗ ਪੱਤਰ ਦੇਣ ਲਈ ਡੀਸੀ ਤੇ ਐੱਸਪੀ ਦਫ਼ਤਰ ਵੱਲ ਜਾ ਰਹੇ ਸਨ। ਇਸ ਦੌਰਾਨ ਦਾਈਲੋਂਗ ਪਿੰਡ ਦੇ ਵਸਨੀਕਾਂ ਨੇ ਇਨ੍ਹਾਂ ਲੋਕਾਂ ’ਤੇ ਕਥਿਤ ਤੌਰ ’ਤੇ ਪਥਰਾਅ ਕੀਤਾ, ਜਿਸ ਕਾਰਨ ਝੜਪ ਹੋਈ। ਉਨ੍ਹਾਂ ਦੱਸਿਆ ਕਿ ਦਾਈਲੋਂਗ ਦੇ ਸਮਰਥਨ ’ਚ ਨੇੜਲੇ ਦੁਈਗਾਈਲੋਂਗ ਪਿੰਡ ਦੇ ਲੋਕ ਵੀ ਝੜਪ ਵਿੱਚ ਸ਼ਾਮਲ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਹਿੰਸਾ ਦੌਰਾਨ ਲੋਕ ਨਿਰਮਾਣ ਵਿਭਾਗ ਦੇ ਇੱਕ ਬੰਗਲੇ ਵਿੱਚ ਅੱਗ ਲਾ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸਥਿਤੀ ਨੂੰ ਕੰਟਰੋਲ ਕਰਨ ਲਈ ਪੁਲੀਸ ਨੇ ਅਥਰੂ ਗੈਸ ਦੇ ਗੋਲੇ ਦਾਗੇ। ਹਿੰਸਾ ਵਿੱਚ 12 ਸੁਰੱਖਿਆ ਮੁਲਾਜ਼ਮਾਂ ਸਮੇਤ ਘੱਟੋ-ਘੱਟ 25 ਜਣੇ ਜ਼ਖਮੀ ਹੋ ਗਏ। ਝੜਪਾਂ ਮਗਰੋਂ ਜ਼ਿਲ੍ਹਾ ਹੈੱਡਕੁਆਰਟਰ ਕਸਬੇ ਤੇ ਸਰਹੱਦੀ ਇਲਾਕਿਆਂ ਦਾਈਲੋਂਗ, ਦੁਈਗਾਈਲੋਂਗ ਤੇ ਓਲਡ ਤਮੇਂਗਲੋਂਗ ’ਚ ਬੀਐੱਨਐੱਸਐੱਸ ਦੀ ਧਾਰਾ 163 ਤਹਿਤ ਮਨਾਹੀ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਨੋਟੀਫਿਕੇਸ਼ਨ ਮੁਤਾਬਕ ਅਗਲੇ ਹੁਕਮਾਂ ਤੱਕ ਇਹ ਪਾਬੰਦੀਆਂ ਜਾਰੀ ਰਹਿਣਗੀਆਂ। -ਪੀਟੀਆਈ