ਸੱਤ ਸਾਲਾ ਬੱਚੀ ਦੀ ਲਾਸ਼ ਮਿਲੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਮਾਰਚ
ਬਾਹਰੀ ਉੱਤਰੀ ਦਿੱਲੀ ਦੇ ਸਵਰੂਪ ਨਗਰ ਖੇਤਰ ਵਿੱਚ ਸੱਤ ਸਾਲ ਦੀ ਬੱਚੀ ਦੀ ਲਾਸ਼ ਉਸ ਦੇ ਘਰ ਵਿੱਚੋਂ ਮਿਲੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਸ਼ਨਿਚਰਵਾਰ ਸ਼ਾਮ ਨੂੰ ਉਦੋਂ ਸਾਹਮਣੇ ਆਈ ਜਦੋਂ ਇਕ ਗਸ਼ਤੀ ਟੀਮ ਨੇ ਘਰ ਦੇ ਬਾਹਰ ਭੀੜ ਇਕੱਠੀ ਹੋਈ ਦੇਖਿਆ। ਪੁੱਛ-ਪੜਤਾਲ ਕਰਨ ’ਤੇ ਪੈਟਰੋਲਿੰਗ ਟੀਮ ਦੇ ਇਕ ਹੈੱਡ ਕਾਂਸਟੇਬਲ ਨੇ ਦੇਖਿਆ ਕਿ ਇੱਕ ਲੜਕੀ ਘਰ ਦੇ ਅੰਦਰ ਖ਼ੂਨ ਨਾਲ ਲੱਥਪੱਥ ਬੇਹੋਸ਼ੀ ਦੀ ਹਾਲਤ ‘ਚ ਪਈ ਸੀ। ਉਸ ਨੇ ਤੁਰੰਤ ਸਥਾਨਕ ਪੁਲੀਸ ਸਟੇਸ਼ਨ ਅਤੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ। ਪੁਲੀਸ ਨੇ ਅਧਿਕਾਰੀ ਨੇ ਦੱਸਿਆ ਕਿ ਹੋਰ ਟੀਮਾਂ ਵੀ ਮੌਕੇ ’ਤੇ ਪਹੁੰਚੀਆਂ ਅਤੇ ਜਾਂਚ ਸ਼ੁਰੂ ਕੀਤੀ ਗਈ।
ਘਰ ਦੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵਿੱਚ ਲੜਕੀ ਦੇ ਪਿਤਾ ਪ੍ਰੇਮ ਸਿੰਘ (32) ਅਤੇ ਉਸ ਦਾ ਜਾਣਕਾਰ ਰਣਜੀਤ ਘਟਨਾ ਦੇ ਸਮੇਂ ਆਲੇ-ਦੁਆਲੇ ਦੇ ਇਲਾਕੇ ਵਿੱਚੋਂ ਨਿਕਲਦੇ ਦਿਖਾਈ ਦਿੱਤੇ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰੇਮ ਸਿੰਘ ਪਟਨਾ, ਬਿਹਾਰ ਦਾ ਮੂਲ ਵਾਸੀ ਹੈ ਅਤੇ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਦਾ ਹੈ। ਉਸ ਦੀ ਪਤਨੀ ਮੁਸਕਾਨ (32) ਦਿੱਲੀ ਦੇ ਲਿਬਾਸਪੁਰ ਵਿੱਚ ਇੱਕ ਫੈਕਟਰੀ ਵਿੱਚ ਨੌਕਰੀ ਕਰਦੀ ਹੈ।
ਅਧਿਕਾਰੀ ਨੇ ਦੱਸਿਆ ਕਿ ਜੋੜੇ ਦੀ ਇੱਕ ਹੋਰ ਧੀ ਹੈ, ਜਿਸ ਦੀ ਉਮਰ ਨੌਂ ਸਾਲ ਹੈ। ਅਧਿਕਾਰੀ ਨੇ ਦੱਸਿਆ ਕਿ ਅਪਰਾਧ ਦੇ ਸਥਾਨ ਦੀ ਫੌਰੈਂਸਿਕ ਅਤੇ ਅਪਰਾਧ ਟੀਮਾਂ ਵੱਲੋਂ ਜਾਂਚ ਕੀਤੀ ਗਈ, ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਜਹਾਂਗੀਰਪੁਰੀ ਦੇ ਬੀਜਆਰਐਮ ਹਸਪਤਾਲ ਭੇਜਿਆ ਗਿਆ।