ਸੰਧੂ ਨੇ ਕੇਂਦਰ ਕੋਲ ਸ੍ਰੀ ਰਾਮ ਨਾਲ ਜੁੜੇ ਪੰਜਾਬ ਦੇ ਧਾਰਮਿਕ ਸਥਾਨਾਂ ਦਾ ਮੁੱਦਾ ਚੁੱਕਿਆ
ਸ਼ਸ਼ੀਪਾਲ ਜੈਨ
ਖਰੜ, 9 ਅਪਰੈਲ
ਪੰਜਾਬ ਦੇ ਸ਼ਹਿਰ ਖਰੜ ਦੇ ਪਵਿੱਤਰ ਤੇ ਪਾਵਨ ਅੱਜ ਸਰੋਵਰ ਦੇ ਨਵੀਨੀਕਰਨ ਤੇ ਪੁਨਰ ਨਿਰਮਾਣ, ਸ੍ਰੀ ਰਾਮ ਮੰਦਰ ਦੇ ਨਿਰਮਾਣ ਤੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਘੁੜਾਮ ’ਚ ਬਣੇ ਮਾਤਾ ਕੁਸ਼ੱਲਿਆ ਦੇਵੀ ਮੰਦਰ ਦੇ ਨਵੀਨੀਕਰਨ ਸਬੰਧੀ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਸੰਸਦ ਮੈਂਬਰ ਸੰਧੂ ਨੇ ਦੱਸਿਆ ਕਿ ਪੰਜਾਬ ਦੀ ਪਵਿੱਤਰ ਧਰਤੀ ਨੇ ਭਗਵਾਨ ਸ੍ਰੀ ਰਾਮ ਤੇ ਉਨ੍ਹਾਂ ਦੇ ਪਰਿਵਾਰ ਦੀਆਂ ਯਾਦਾਂ ਨੂੰ ਸਾਂਭ ਕੇ ਰੱਖਿਆ ਹੋਇਆ ਹੈ। ਇਸ ਵਿਚ ਅੰਮ੍ਰਿਤਸਰ ਦਾ ਸ੍ਰੀ ਰਾਮ ਤੀਰਥ ਮੰਦਰ, ਪਟਿਆਲਾ ਦੇ ਘੁੜਾਮ ਪਿੰਡ ਦੇ ਇਤਿਹਾਸਕ ਮਾਤਾ ਕੁਸ਼ੱਲਿਆ ਦੇਵੀ ਮੰਦਰ ਤੇ ਖਰੜ ਦਾ ਅੱਜ ਸਰੋਵਰ ਪੰਜਾਬ ਵਿਚ ਭਗਵਾਨ ਸ੍ਰੀ ਰਾਮ ਅਤੇ ਉਨ੍ਹਾਂ ਦੇ ਵੰਸ਼ਜ਼ਾਂ ਨਾਲ ਜੁੜੇ ਸਭ ਤੋਂ ਪੂਜਨੀਕ ਸਥਾਨ ਹਨ।
ਸੰਸਦ ਮੈਂਬਰ ਨੇ ਇਨ੍ਹਾਂ ਪਵਿੱਤਰ ਸਥਾਨਾਂ ਦੇ ਨਿਰਮਾਣ ਤੇ ਪੁਨਰਨਿਰਮਾਣ ਨਾਲ ਨਾ ਸਿਰਫ਼ ਸ਼ਰਧਾਲੂਆਂ ਨੂੰ ਲਾਭ ਮਿਲੇਗਾ ਬਲਕਿ ਪੰਜਾਬ ਵਿੱਚ ਧਾਰਮਿਕ ਸੈਰ-ਸਪਾਟੇ ਦੇ ਵਿਕਾਸ ਵਿੱਚ ਵੀ ਯੋਗਦਾਨ ਪਵੇਗਾ।