ਸੰਤ ਈਸ਼ਰ ਸਿੰਘ ਮੈਮੋਰੀਅਲ ਪਬਲਿਕ ਸਕੂਲ ਵਿੱਚ ਸੈਮੀਨਾਰ
ਪਾਇਲ, 13 ਮਾਰਚ
ਸੰਤ ਈਸ਼ਰ ਸਿੰਘ ਮੈਮੋਰੀਅਲ ਪਬਲਿਕ ਸਕੂਲ ਕਰਮਸਰ ਰਾੜਾ ਸਾਹਿਬ ਵਿੱਚ ਅੱਜ ਰਸੋਈ ਦੀ ਰਹਿੰਦ-ਖੂੰਹਦ ਦੀ ਸਭ ਤੋਂ ਵਧੀਆ ਵਰਤੋਂ ਕਿਵੇਂ ਕਰੀਏ' ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ‘ਗਰੀਨ ਥੰਮ’ ਸੰਸਥਾ ਦੇ ਮੈਂਬਰ ਵਾਤਾਵਰਨ ਪ੍ਰੇਮੀ ਰਾਜਿੰਦਰ ਸਿੰਘ ਨੇ ਕੂੜਾ-ਪ੍ਰਬੰਧਨ ਅਤੇ ਵਾਤਾਵਰਨ ਦੀ ਸੰਭਾਲ ਬਾਰੇ ਵਿਚਾਰ ਸਾਂਝੇ ਕੀਤੇ।
ਸੈਸ਼ਨ ਦੌਰਾਨ ਉਨ੍ਹਾਂ ਰਸੋਈ ਦੀ ਜ਼ੀਰੋ ਰਹਿੰਦ-ਖੂੰਹਦ, ਮਕਾਨ ਦੀ ਛੱਤ ਉੱਤੇ ਬਾਗ਼ਬਾਨੀ ਅਤੇ ਹਰੇ-ਭਰੇ ਭਵਿੱਖ ਲਈ ਬਾਇਓ ਐਂਜ਼ਾਈਮ ਦੀ ਵਰਤੋਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਬੂਟੇ ਲਗਾਉਣ ਦੀ ਮਹੱਤਤਾ ਬਾਰੇ ਦੱਸਿਆ ਤੇ ਕੁਦਰਤੀ ਸਰੋਤਾਂ ਖਾਸ ਕਰ ਕੇ ਪਾਣੀ ਦੀ ਸੁਚੱਜੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਮਨਿੰਦਰਜੀਤ ਸਿੰਘ ਬੈਨੀਪਾਲ, ਪ੍ਰਿੰਸੀਪਲ ਡਾ. ਧੀਰਜ ਕੁਮਾਰ ਅਤੇ ਕੈਪਟਨ ਰਣਜੀਤ ਸਿੰਘ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਸੈਸ਼ਨ ਦੇ ਅੰਤ ਵਿੱਚ ਮਨਿੰਦਰਜੀਤ ਸਿੰਘ ਬੈਨੀਪਾਲ ਨੇ ਰਾਜਿੰਦਰ ਸਿੰਘ ਕਾਲੜਾ ਅਤੇ ਉਨ੍ਹਾਂ ਦੀ ਧਰਮ ਪਤਨੀ ਨੂੰ ਉਹਨਾਂ ਦੇ ਕੀਮਤੀ ਵਿਚਾਰਾਂ ਅਤੇ ਵਾਤਾਵਰਨ ਦੀ ਸੰਭਾਲ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਲਈ ਉਹਨਾਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ।