ਸੰਗਰੂਰ-ਲੁਧਿਆਣਾ ਮਾਰਗ ’ਤੇ ਟੋਇਆਂ ਕਾਰਨ ਵਾਪਰ ਰਹੇ ਨੇ ਹਾਦਸੇ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 16 ਮਾਰਚ
ਇੱਥੇ ਸੰਗਰੂਰ-ਲੁਧਿਆਣਾ ਰਾਜ ਮਾਰਗ-11 ਦੇ ਪੁਲ ’ਤੇ ਪ੍ਰੀਮਿਕਸ ਪਾਉਣ ਤੋਂ ਅਧੂਰੇ ਛੱਡੇ ਕੁੱਝ ਹਿੱਸੇ ’ਚ ਸੜਕ ਟੁੱਟ ਰਹੀ ਹੈ ਅਤੇ ਵੱਡੇ-ਵੱਡੇ ਟੋਏ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਇਸ ਤੋਂ ਇਲਾਵਾ ਪੁਲ ਦੇ ਦੋਵੇਂ ਪਾਸੇ ਦੀਆਂ ਸੜਕਾਂ ਵੀ ਮੁਰੰਮਤ ਤੋਂ ਵਾਂਝੀਆਂ ਹਨ ਅਤੇ ਪੁਲ ਦੀ ਰੇਲਿੰਗ ਉਪਰ ਲੱਗੇ ਰੇਡੀਅਮ ਵਾਲੇ ਸਾਈਨ ਬੋਰਡ ਵੀ ਗਾਇਬ ਹੋ ਚੁੱਕੇ ਹਨ। ਪਾਰਕ ਸੰਭਾਲ ਤੇ ਸੋਸ਼ਲ ਵੈੱਲਫੇਅਰ ਸੁਸਾਇਟੀ ਪੂਨੀਆਂ ਕਲੋਨੀ ਸੰਗਰੂਰ ਵਲੋਂ ਮੀਟਿੰਗ ਕਰਕੇ ਪੁਲ ਉਪਰ ਸ਼ਹਿਰ ਵਾਲੇ ਪਾਸੇ ਅਤੇ ਪੁਲ ਦੇ ਦੋਵੇਂ ਪਾਸੇ ਸੜਕਾਂ ਦੀ ਹਾਲਤ ’ਤੇ ਚਿੰਤਾ ਪ੍ਰਗਟ ਕੀਤੀ ਗਈ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਬਹਾਦਰ ਸਿੰਘ ਲੌਂਗੋਵਾਲ, ਕਾਰਜਕਾਰੀ ਮੈਂਬਰ ਸਵਰਨਜੀਤ ਸਿੰਘ ਅਤੇ ਮਨਧੀਰ ਸਿੰਘ ਰਾਜੋਮਾਜਰਾ ਨੇ ਦੱਸਿਆ ਕਿ ਸੰਗਰੂਰ ਤੋਂ ਲੁਧਿਆਣਾ ਤੱਕ ਸਟੇਟ ਹਾਈਵੇਅ-11 ਦੀ ਲੰਮਾਈ 77.290 ਕਿਲੋਮੀਟਰ ਬਣਦੀ ਹੈ ਪਰ 76.340 ਕਿਲੋਮੀਟਰ ਤੱਕ ਹੀ ਪਿਛਲੇ ਸਾਲ ਪ੍ਰੀਮਿਕਸ ਪਾਈ ਗਈ ਜਦੋਂ ਕਿ 1100 ਮੀਟਰ ਸੜਕ ’ਤੇ ਪ੍ਰੀਮਿਕਸ ਨਹੀਂ ਪਾਈ ਗਈ। ਇਸ ਤੋਂ ਇਲਾਵਾ ਸੰਗਰੂਰ ’ਚ ਪੁਲ ਦੀਆਂ ਸਰਵਿਸ ਸੜਕਾਂ ਦੀ ਮੁਰੰਮਤ ਨਹੀਂ ਕੀਤੀ ਗਈ ਜਦੋਂ ਕਿ ਧੂਰੀ ’ਚ ਪੁਲ ਦੀਆਂ ਦੋਵੇਂ ਪਾਸੇ ਸੜਕਾਂ ਉਪਰ ਪ੍ਰੀਮਿਕਸ ਪਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪੁਲ ਦੇ ਸ਼ੁਰੂ ਹੋਣ ਤੋਂ ਪਹਿਲਾਂ ਲੱਗੀ ਰੇਲਿੰਗ ਦਰਸਾਉਣ ਲਈ ਸੂਚਨਾ ਬੋਰਡ ਲਗਾਉਣੇ ਜ਼ਰੂਰੀ ਹਨ ਜੋ ਕਿ ਨਹੀਂ ਲਗਾਏ ਗਏ ਜਿਸ ਕਾਰਨ ਹਾਦਸੇ ਵਾਪਰਦੇ ਹਨ। ਸੁਸਾਇਟੀ ਮੈਂਬਰਾਂ ਨੇ ਮੰਗ ਕੀਤੀ ਕਿ ਪੁਲ ਦੇ ਵਿਚਕਾਰ ਤੋਂ ਸ਼ਹਿਰ ਵਾਲੇ ਪਾਸੇ ਪੂਨੀਆ ਟਾਵਰ ਤੱਕ ਸੜਕ ਦੀ ਮੁਰੰਮਤ ਕੀਤੀ ਜਾਵੇ, ਹੇਠਾਂ ਦੋਵੇਂ ਪਾਸੇ ਦੀਆਂ ਸੜਕਾਂ ਦੀ ਮੁਰੰਮਤ ਕੀਤੀ ਜਾਵੇ, ਸਾਈਡ ਬੋਰਡ ਤੁਰੰਤ ਲਗਾਏ ਜਾਣ।
ਇਸ ਦੌਰਾਨ ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਸਬੰਧੀ ਜਲਦ ਹੀ ਡਿਪਟੀ ਕਮਿਸ਼ਨਰ ਨੂੰ ਮਿਲਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ’ਚ ਰਾਜ ਸ਼ਰਮਾ, ਬਲਦੇਵ ਸਿੰਘ, ਪ੍ਰਿਤਪਾਲ ਸਿੰਘ, ਜਸਵਿੰਦਰ ਸਿੰਘ ਗਰੇਵਾਲ,ਪਵਨ ਕਾਂਸਲ, ਕੁਲਦੀਪ ਸਿੰਘ, ਸੁਰਿੰਦਰ ਪਾਲ ਐੱਸਡੀਓ, ਵੀਕੇ ਦੀਵਾਨ ਐੱਸਡੀਓ, ਮਾਲਵਿੰਦਰ ਸਿੰਘ, ਗੁਰਜੰਟ ਸਿੰਘ ਐਕਸੀਅਨ ਪਵਨ ਕੁਮਾਰ ਅਤੇ ਅਮਰਜੀਤ ਸਿੰਘ ਗਰੇਵਾਲ ਸ਼ਾਮਲ ਸਨ।