ਸੜਕ ਹਾਦਸੇ ਵਿੱਚ ਚਾਰ ਜਣੇ ਜ਼ਖ਼ਮੀ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 8 ਮਈ
ਇੱਥੇ ਬੀਤੀ ਰਾਤ ਇੱਕ ਜੀਪ ਦੇ ਐਲੀਵੇਟਿਡ ਰੋਡ ਨੇੜੇ ਬੀਆਰਟੀਐਸ ਬੱਸ ਸੇਵਾ ਦੇ ਮਾਰਗ ਵਿੱਚ ਲੱਗੀ ਗਰਿੱਲ ਨਾਲ ਵੱਜਣ ਕਾਰਨ ਜੀਪ ਸਵਾਰ ਚਾਰ ਵਿਅਕਤੀ ਜ਼ਖ਼ਮੀ ਹੋ ਗਏ ਹਨ। ਦਿੱਲੀ ਨੰਬਰ ਦੀ ਇਸ ਜੀਪ ਵਿੱਚ ਸਵਾਰ ਵਿਅਕਤੀ ਬਾਹਰੋਂ ਆਏ ਸਨ ਅਤੇ ਬੀਆਰਟੀਐਸ ਬੱਸ ਮਾਰਗ ਨੇੜੇ ਰਿਫਲੈਕਟਰ ਨਾ ਹੋਣ ਕਾਰਨ ਭੁਲੇਖੇ ਨਾਲ ਜੀਪ ਸਵਾਰ ਡਿਵਾਈਡਰ ਨਾਲ ਟਕਰਾ ਗਏ ਅਤੇ ਉਨ੍ਹਾਂ ਦੀ ਜੀਪ ਮਾਰਗ ਵਿੱਚ ਲੱਗੀ ਗਰਿਲ ਨਾਲ ਜਾ ਵੱਜੀ। ਇਸ ਕਾਰਨ ਜੀਪ ਵਿਚ ਸਵਾਰ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਪੁਲੀਸ ਦੇ ਏਐੱਸਆਈ ਰਾਮਪਾਲ ਨੇ ਦੱਸਿਆ ਕਿ ਇਨ੍ਹਾਂ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ।
ਮੌਕੇ ‘ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਜੀਪ ਦੀ ਗਤੀ ਤੇਜ਼ ਸੀ ਅਤੇ ਬੀਆਰਟੀਐਸ ਮਾਰਗ ਨੇੜੇ ਡਿਵਾਈਡਰ ਨੂੰ ਦਰਸਾਉਣ ਲਈ ਰਿਫਲੈਟਰ ਨਾ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। ਲੋਕਾਂ ਨੇ ਕਿਹਾ ਕਿ ਪਹਿਲਾਂ ਵੀ ਇੱਥੇ ਕਈ ਹਾਦਸੇ ਵਾਪਰ ਚੁੱਕੇ ਹਨ। ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਪ੍ਰਸ਼ਾਸਨ ਨੂੰ ਇਸ ਬਾਰੇ ਕਈ ਵਾਰ ਸੂਚਿਤ ਵੀ ਕੀਤਾ ਹੈ ਪਰ ਕੋਈ ਧਿਆਨ ਨਹੀਂ ਦਿੰਦਾ।