ਜੀਐਨਡੀਯੂ ਕਾਲਜ ’ਚ ਸੱਭਿਆਚਾਰਕ ਸਮਾਗਮ
ਪੱਤਰ ਪ੍ਰੇਰਕ
ਪਠਾਨਕੋਟ, 8 ਅਪਰੈਲ
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਸੁਜਾਨਪੁਰ ਵਿੱਚ ਹਿੰਦੀ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਰਾਕੇਸ਼ ਮੋਹਨ ਸ਼ਰਮਾ ਦੀ ਨਿਰਦੇਸ਼ਨਾ ਹੇਠ ‘ਅਨੇਕਤਾ ਵਿੱਚ ਏਕਤਾ’ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਸ਼ਾਨਦਾਰ ਸੱਭਿਆਚਾਰਕ ਸਮਾਗਮ ਹੋਇਆ। ਵਿਦਿਆਰਥੀਆਂ ਨੇ ਵੱਖ-ਵੱਖ ਰਾਜਾਂ ਦੇ ਪਹਿਰਾਵੇ, ਭੋਜਨ ਅਤੇ ਭਾਸ਼ਾ ਨੂੰ ਵਧੀਆ ਢੰਗ ਨਾਲ ਪ੍ਰਦਰਸ਼ਿਤ ਕੀਤਾ।
ਇਸ ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥਣਾਂ ਜਾਹਨਵੀ ਅਤੇ ਤਮੰਨਾ ਵੱਲੋਂ ‘ਸ਼ੰਕਰ ਮੇਰਾ ਪਿਆਰਾ’ ਭਜਨ ’ਤੇ ਕਲਾਸੀਕਲ ਡਾਂਸ ਪੇਸ਼ ਕਰਨ ਨਾਲ ਹੋਈ। ਵਿਦਿਆਰਥੀ ਰਾਹੁਲ ਨੇ ਹਿੰਦੀ ਭਾਸ਼ਾ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥਣ ਮਹਿਮਾ ਨੇ ਹਿੰਦੀ ਭਾਸ਼ਾ ਨੂੰ ਰੋਜ਼ੀ-ਰੋਟੀ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ, ਬਾਰੇ ਜਾਣਕਾਰੀ ਦਿੱਤੀ। ਕੋਮਲ, ਮਨੀਸ਼ਾ, ਤਮੰਨਾ, ਪੱਲਵੀ, ਕਰਮਜੀਤ ਤੇ ਰਾਹੁਲ ਨੇ ਰਾਜਸਥਾਨੀ ਨਾਚ ਪੇਸ਼ ਕੀਤਾ। ਪ੍ਰੇਰਨਾ, ਪੂਨਮ, ਤਮੰਨਾ, ਰੀਆ, ਵੇਨਿਕਾ ਤੇ ਏਕਤਾ ਨੇ ਮਹਾਂਰਾਸ਼ਟਰ ਰਾਜ ਦੇ ਲਵਣੀ, ਪੋਵਾੜਾ, ਡਿੰਡੀ ਤੇ ਕਾਲਾ ਰਵਾਇਤੀ ਡਾਂਸ ਪੇਸ਼ ਕੀਤੇ। ਸ਼ੀਤਲ, ਵਿਸ਼ਾਲੀ, ਤਮਨ, ਚੰਚਲਾ ਨੇ ਗੁਜਰਾਤ ਦਾ ਗਰਬਾ ਤੇ ਡਾਂਡੀਆ ਡਾਂਸ ਪੇਸ਼ ਕੀਤਾ। ਇਸੇ ਤਰ੍ਹਾਂ ਹੋਰ ਵਿਦਿਆਰਥਣਾਂ ਨੇ ਹਿਮਾਚਲ ਦਾ ਨਾਟੀ ਤੇ ਡਾਂਗੀ ਲੋਕ ਨਾਚ, ਹਰਿਆਣਾ ਦਾ ਧਮਾਲ ਤੇ ਫਾਗ ਨਾਚ, ਰਾਜਸਥਾਨ ਦਾ ਘੁਮਰ ਤੇ ਕਾਲਬੇਲੀਆ, ਕਸ਼ਮੀਰ ਦਾ ਲੋਕ ਨਾਚ ਰਊਫ਼ ਪੇਸ਼ ਕਰਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਵਿਦਿਆਰਥੀਆਂ ਵੱਲੋਂ ਭੰਗੜਾ ਤੇ ਗਿੱਧਾ ਵੀ ਪੇਸ਼ ਕੀਤੇ ਗਏ।
ਪ੍ਰੋਗਰਾਮ ਵਿੱਚ ਹਿੰਦੀ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਰਾਜਾਂ ਦੇ ਖਾਣੇ ਦੇ ਸਟਾਲ ਵੀ ਲਗਾਏ ਗਏ। ਯੂਨੀਵਰਸਿਟੀ ਪ੍ਰੀਖਿਆਵਾਂ ਵਿੱਚ ਹਿੰਦੀ ਵਿਸ਼ੇ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਡਾ. ਰਾਕੇਸ਼ ਮੋਹਨ ਸ਼ਰਮਾ ਅਤੇ ਪ੍ਰੋਫੈਸਰ ਡਾ. ਰਣਜੀਤ ਕੌਰ ਨੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰੋ. ਸੁਖਜਿੰਦਰ ਕੌਰ, ਡਾ. ਸੁਖਵਿੰਦਰ ਸਿੰਘ, ਡਾ. ਅਰਜੁਨ ਸਿੰਘ ਅਤੇ ਹੋਰ ਸਟਾਫ ਹਾਜ਼ਰ ਸੀ।