ਕਾਲੀਆ ਦੇ ਘਰ ’ਤੇ ਹਮਲੇ ਖ਼ਿਲਾਫ਼ ਭਾਜਪਾ ਵੱਲੋਂ ਪ੍ਰਦਰਸ਼ਨ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 8 ਅਪਰੈਲ
ਭਾਜਪਾ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ’ਤੇ ਹੋਏ ਹਮਲੇ ਦੇ ਮਾਮਲੇ ਨੂੰ ਲੈ ਕੇ ਭਾਜਪਾ ਨੇ ਅੱਜ ਸ਼ਾਮ ਇੱਥੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਵਿਖਾਵਾ ਕੀਤਾ। ਸਥਾਨਕ ਹਾਲ ਗੇਟ ਵਿੱਚ ਕੀਤੇ ਪ੍ਰਦਰਸ਼ਨ ਦੌਰਾਨ ਭਾਜਪਾ ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਖਤਮ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪੁਲੀਸ ਚੌਕੀਆਂ ਤੇ ਥਾਣਿਆਂ ’ਤੇ ਹਮਲੇ ਹੋ ਰਹੇ ਸਨ, ਫਿਰ ਧਰਮ ਅਸਥਾਨਾਂ ’ਤੇ ਅਤੇ ਹੁਣ ਸਿਆਸੀ ਆਗੂਆਂ ’ਤੇ ਹਮਲੇ ਕੀਤੇ ਜਾ ਰਹੇ ਹਨ। ਇਸ ਮਾਮਲੇ ਨੂੰ ਲੈ ਕੇ ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਕੋਲੋਂ ਨੈਤਿਕ ਆਧਾਰ ’ਤੇ ਅਸਤੀਫੇ ਦੀ ਮੰਗ ਕੀਤੀ।
ਪ੍ਰਦਰਸ਼ਨ ਦੌਰਾਨ ਭਾਜਪਾ ਕਾਰਕੁਨਾਂ ਨੇ ਸਰਕਾਰ ਖ਼ਿਲਾਫ਼ ਤਖਤੀਆਂ ਚੁੱਕੀਆਂ ਹੋਈਆਂ ਸਨ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਦਾ ਪੁਤਲਾ ਵੀ ਸਾੜਿਆ। ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੇ ਆਖਿਆ ਕਿ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ’ਤੇ ਹੋਏ ਹਮਲੇ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਰੰਗਲਾ ਪੰਜਾਬ ਨਹੀਂ ਸਗੋਂ ਅਫਗਾਨਿਸਤਾਨ ਬਣ ਰਿਹਾ ਹੈ ,ਜਿੱਥੇ ਨਾ ਆਮ ਆਦਮੀ ਸੁਰੱਖਿਅਤ ਹੈ ਅਤੇ ਨਾ ਹੀ ਕੋਈ ਵਿਅਕਤੀ ਵਿਸ਼ੇਸ਼। ਉਹਨਾਂ ਕਿਹਾ ਕਿ ਭਾਜਪਾ ਆਗੂ ਦੇ ਘਰ ’ਤੇ ਹਮਲਾ ਕਾਨੂੰਨ ਵਿਵਸਥਾ ਦੀ ਮੂੰਹ ਬੋਲਦੀ ਤਸਵੀਰ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਬਕਾ ਮੰਤਰੀ ਅਤੇ ਸਿਆਸੀ ਆਗੂ ਸੁਰੱਖਿਅਤ ਨਹੀਂ ਹੈ ਤਾਂ ਆਮ ਆਦਮੀ ਦੀ ਕੀ ਸੁਰੱਖਿਆ ਹੋਵੇਗੀ, ਇਸਦਾ ਸਹਿਜੇ ਹੀ ਅੰਦਾਜਾ ਲਾਇਆ ਜਾ ਸਕਦਾ ਹੈ। ਭਾਜਪਾ ਆਗੂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੋਂ ਨੈਤਿਕ ਆਧਾਰ ਤੇ ਅਸਤੀਫੇ ਦੀ ਮੰਗ ਕੀਤੀ ਹੈ। ਇਸ ਮੌਕੇ ਰੋਸ ਵਿਖਾਵੇ ਵਿੱਚ ਸੁਖਮਿੰਦਰ ਸਿੰਘ ਪਿੰਟੂ, ਡਾਕਟਰ ਰਾਮ ਚਾਵਲਾ, ਸਲਿਲ ਕਪੂਰ, ਸੰਜੇ ਸ਼ਰਮਾ, ਪਰਮਜੀਤ ਸਿੰਘ ਬਤਰਾ, ਜਸਪਾਲ ਸਿੰਘ , ਗੌਰਵ ਗਿੱਲ, ਅਜੇ ਬੀਰਪਾਲ ਸਿੰਘ ਰੰਧਾਵਾ, ਸਰਬਜੀਤ ਸਿੰਘ ਛੰਟੀ ,ਮਨਿੰਦਰ ਸਿੰਘ ਠੇਕੇਦਾਰ, ਕਵਲਜੀਤ ਸਿੰਘ ਸੰਨੀ ,ਗੌਰਵ ਗਿੱਲ ਤੇ ਹੋਰ ਕਈ ਆਗੂ ਤੇ ਕਾਰਕੁਨ ਸ਼ਾਮਿਲ ਸਨ।