ਸੜਕ ਹਾਦਸੇ ’ਚ ਦੋ ਹਲਾਕ, ਇੱਕ ਜ਼ਖ਼ਮੀ
ਬਟਾਲਾ: ਦਸੂਹਾ ਤੋਂ ਇੱਥੋਂ ਆਏ ਇੱਕ ਪਰਿਵਾਰ ਦੀ ਕਾਰ ਹਾਦਸੇ ਦਾ ਸ਼ਿਕਾਰ ਹੋਣ ਹੋ ਗਈ ਜਿਸ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ, ਜਦੋਂਕਿ ਇੱਕ ਲੜਕੀ ਜ਼ਖ਼ਮੀ ਹੋ ਗਈ। ਜਾਣਕਾਰੀ ਮੁਤਾਬਕ ਦਸੂਹਾ ਤੋਂ ਬਟਾਲਾ ਕਾਰੋਬਾਰ ਲਈ ਆਏ ਪਰਿਵਾਰ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਮ੍ਰਿਤਕ ਦੀ ਪਛਾਣ ਪੁਖਰਾਜ ਕੌਰ (56) ਵਜੋਂ ਹੋਈ ਹੈ, ਜਦੋਂਕਿ ਅਤੇ ਕਾਰ ਚਾਲਕ ਦੀ ਪਛਾਣ ਨਹੀਂ ਹੋ ਸਕੀ। ਹਾਦਸੇ ਵਿੱਚ ਸ਼ੁਭਰੀਤ ਕੌਰ ਜ਼ਖ਼ਮੀ ਹੋ ਗਈ। ਉਸ ਨੂੰ ਸਿਵਲ ਹਸਪਤਾਲ ਬਟਾਲਾ ਤੋਂ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ। ਸਥਾਨਕ ਸੋਨਾਲੀਕਾ ਟਰੈਕਟਰ ਏਜੰਸੀ ਦੇ ਮਾਲਕ ਰਾਜਨ ਕੌਂਸਲ ਨੇ ਦੱਸਿਆ ਕਿ ਇਸ ਪਰਿਵਾਰ ਨਾਲ ਉਨ੍ਹਾਂ ਦੇ ਕਾਰੋਬਾਰ ਸਬੰਧੀ ਸਨ। ਉਨਾਂ ਦੱਸਿਆ ਕਿ ਕਾਰ ਚਾਲਕ ਦੀ ਪਛਾਣ ਨਹੀਂ ਹੋ ਸਕੀ। ਇਹ ਘਟਨਾ ਦੇਰ ਸ਼ਾਮ ਨੂੰ ਵਾਪਰੀ। -ਨਿੱਜੀ ਪੱਤਰ ਪ੍ਰੇਰਕ
ਵਿਦੇਸ਼ ਭੇਜਣ ਦੇ ਨਾਮ ’ਤੇ ਠੱਗੀ
ਬਟਾਲਾ: ਨੇੜਲੇ ਪਿੰਡ ਵਡਾਲਾ ਗ੍ਰੰਥੀਆਂ ਦੇ ਗੁਰਨਾਮ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਪੁੱਤ ਸਹਿਜਪ੍ਰੀਤ ਸਿੰਘ ਨੂੰ ਵਿਦੇਸ਼ ਜਾਣ ਲਈ ਇੱਕ ਟਰੈਵਲ ਏਜੰਟ ਨੂੰ 26 ਲੱਖ 75 ਹਜ਼ਾਰ ਰੁਪਏ ਦਿੱਤੇ ਸਨ ਪਰ ਉਸ ਨੂੰ ਵਿਦੇਸ਼ ਨਹੀਂ ਭੇਜ ਸਕਿਆ। ਉਸ ਨੇ ਆਪਣੇ ਪੁੱਤ ਨੂੰ ਅਮਰੀਕਾ ਜਾਂ ਕੈਨੇਡਾ ਭੇਜਣ ਲਈ ਟਰੈਵਲ ਏਜੰਟ ਰਾਜੀਵ ਭਾਟੀਆ ਨੂੰ ਪੈਸੇ ਦਿੱਤੇ ਸਨ। ਉਸ ਨੇ ਰਕਮ ਦੀ ਕੋਈ ਰਸੀਦ ਵੀ ਨਹੀਂ ਦਿੱਤੀ। ਉਸ ਨੇ ਦੱਸਿਆ ਕਿ ਟਰੈਵਲ ਏਜੰਟ ਆਪਣਾ ਦਫ਼ਤਰ ਬੰਦ ਕਰ ਕੇ ਫ਼ਰਾਰ ਹੋ ਗਿਆ। ਉਸ ਕੋਲ ਕੋਈ ਲਾਇਸੈਂਸ ਵੀ ਨਹੀਂ ਹੈ। ਉਸ ਨੇ ਦੱਸਿਆ ਕਿ ਟਰੈਵਲ ਏਜੰਟ ਜੋ ਸਥਾਨਕ ਚਿੱਟੀ ਗਰਾਂਊਂਡ ਸਾਹਮਣੇ ਇੱਕ ਇਮੀਗ੍ਰੇਸ਼ਨ ਦਫ਼ਤਰ ਚਲਾਉਂਦੇ ਕੁਲਦੀਪ ਸਿੰਘ ਅਤੇ ਸਤਨਾਮ ਸਿੰਘ ਨਾਲ ਮਿਲਕੇ ਕੰਮ ਚਲਾਉਂਦਾ ਸੀ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। -ਖੇਤਰੀ ਪ੍ਰਤੀਨਿਧ