ਵਾਇਰਲ ਵੀਡੀਓ: ਸਿੱਖਿਆ ਵਿਭਾਗ ਵੱਲੋਂ ਅਧਿਆਪਕਾਵਾਂ ਦੀ ਜਵਾਬ ਤਲਬੀ
ਨਿੱਜੀ ਪੱਤਰ ਪ੍ਰੇਰਕ
ਹੁਸ਼ਿਆਰਪੁਰ, 3 ਜੂਨ
ਸਿੱਖਿਆ ਵਿਭਾਗ ਨੇ ਸਕੂਲ ਵਿੱਚ ਦੋ ਅਧਿਆਪਕਾਵਾਂ ਵਿਚਾਲੇ ਹੋਏ ਝਗੜੇ ਦੀ ਵਾਇਰਲ ਹੋਈ ਵੀਡੀਓ ਦੇ ਮਾਮਲੇ ਵਿੱਚ ਜਵਾਬ ਤਲਬੀ ਕਰ ਲਈ ਹੈ। ਦੱਸਣਯੋਗ ਹੈ ਕਿ ਬੀਤੇ ਦਿਨ ਨੁਸ਼ਹਿਰਾ ਪੱਤਣ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਦੋ ਅਧਿਆਪਕਾਵਾਂ ਦੇ ਆਪਸੀ ਨੈਤਕਿਤਾ ਦੇ ਮਸਲੇ ਨੂੰ ਲੈ ਕੇ ਝਗੜਾ ਹੋਣ ਦੀ ਵੀਡੀਓ ਵਾਈਰਲ ਹੋਈ ਸੀ। ਇਸ ਦੌਰਾਨ ਦੋਵੇਂ ਅਧਿਆਪਕਾਵਾਂ ਅਨੁਸਾਸ਼ਨਿਕ ਹੱਦਾਂ ਪਾਰ ਕਰ ਗਈਆਂ ਸਨ, ਜਿਸ ਦੀ ਵੀਡੀਓ ਵਾਈਰਲ ਹੋਣ ਉਪਰੰਤ ਇਹ ਮਾਮਲਾ ਭਖ ਗਿਆ ਸੀ। ਇਸ ਤੋਂ ਬਾਅਦ ਸਿੱਖਿਆ ਵਿਭਾਗ ਹਰਕਤ ਵਿੱਚ ਆਇਆ ਹੈ।
ਜ਼ਿਲ੍ਹਾ ਸਿੱਖਿਆ ਅਧਿਕਾਰੀ ਲਲਿਤਾ ਅਰੋੜਾ ਨੇ ਕਿਹਾ ਕਿ ਵਾਇਰਲ ਵੀਡੀਓ ਸਾਹਮਣੇ ਆਉਣ ’ਤੇ ਦੋਵਾਂ ਅਧਿਆਪਕਾਵਾਂ ਦੀ ਜਵਾਬ ਤਲਬੀ ਕੀਤੀ ਗਈ ਹੈ ਅਤੇ ਜਾਂਚ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਨੁਸ਼ਾਸਨ ਅਧਿਆਪਕਾਵਾਂ ਨੂੰ ਆਪਣਾ ਮਸਲਾ ਬਣਦੇ ਪਲੇਟਫਾਰਮ ’ਤੇ ਰੱਖਣ ਦੀ ਇਜਾਜ਼ਤ ਦਿੰਦਾ ਹੈ ਨਾ ਕਿ ਸਕੂਲ ਵਿੱਚ ਜਾ ਕੇ ਆਪਸ ਵਿੱਚ ਝਗੜਣ ਦੀ। ਉਨ੍ਹਾਂ ਕਿਹਾ ਕਿ ਇਸ ਨਾਲ ਸਕੂਲ ਦਾ ਮਾਹੌਲ ਵਿੜਦਦਾ ਹੈ ਅਤੇ ਅਜਿਹਾ ਕਰਨਾ ਅਨੁਸਾਸ਼ਨ ਭੰਗ ਕਰਨ ਦੇ ਬਰਾਬਰ ਹੈ। ਉਨ੍ਹਾਂ ਸਮੂਹ ਅਧਿਆਪਕਾ ਨੂੰ ਤਾੜਨਾ ਭਰੇ ਲਹਿਜੇ ਨਾਲ ਕਿਹਾ ਕਿ ਕਿਸੇ ਵੀ ਸਿੱਖਿਆ ਮੁਲਾਜ਼ਮ ਨੂੰ ਸਕੂਲਾਂ ਦਾ ਮਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।