ਸੜਕਾਂ ਦੀ ਮੁਰੰਮਤ ਲਈ ਜਨਹਿੱਤ ਪਟੀਸ਼ਨ ਦਾਇਰ ਕਰਨ ਦਾ ਫ਼ੈਸਲਾ
ਪੱਤਰ ਪ੍ਰੇਰਕ
ਪੰਚਕੂਲਾ, 2 ਅਪਰੈਲ
ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਸਕੱਤਰ ਅਤੇ ਸ਼ਿਵਾਲਿਕ ਵਿਕਾਸ ਮੰਚ ਦੇ ਸੂਬਾ ਪ੍ਰਧਾਨ ਵਿਜੈ ਬਾਂਸਲ ਐਡਵੋਕੇਟ ਨੇ ਕਿਹਾ ਕਿ ਜੇਕਰ ਕਾਲਕਾ ਦੀਆਂ ਸਾਰੀਆਂ ਸੜਕਾਂ ਦੀ ਉਸਾਰੀ ਅਤੇ ਮੁਰੰਮਤ ਦਾ ਕੰਮ ਜਲਦੀ ਪੂਰਾ ਨਹੀਂ ਕੀਤਾ ਗਿਆ ਤਾਂ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਜਨਹਿੱਤ ਪਟੀਸ਼ਨ ਦਾਇਰ ਕਰਨਗੇ। ਬਾਂਸਲ ਨੇ ਕਿਹਾ ਕਿ ਹਰ ਸਾਲ ਲੱਖਾਂ ਸੈਲਾਨੀ ਪਿੰਜੌਰ ਕਾਲਕਾ ਇਲਾਕੇ ਵਿੱਚੋਂ ਹਿਮਾਚਲ ਪ੍ਰਦੇਸ਼ ਦਾ ਦੌਰਾ ਕਰਨ ਲਈ ਜਾਂਦੇ ਹਨ ਪਰ ਕਾਲਕਾ ਵਿਧਾਨ ਸਭਾ ਹਲਕੇ ਦੀਆਂ ਸੜਕਾਂ ਦੀ ਮਾੜੀ ਹਾਲਤ ਕਾਰਨ ਹਰਿਆਣਾ ਦਾ ਅਕਸ ਦੂਜੇ ਰਾਜਾਂ ਵਿੱਚ ਖਰਾਬ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਕਾਲਕਾ ਸਥਿਤ ਵਿਭਾਗ ਦੇ ਸਬ-ਡਿਵੀਜ਼ਨਲ ਇੰਜਨੀਅਰ ਦਫ਼ਤਰ ਨੂੰ ਪੰਚਕੂਲਾ ਤੋਂ ਆਪਣੀ ਸਹੂਲਤ ਅਨੁਸਾਰ ਚਲਾ ਰਹੇ ਹਨ। ਵਿਜੈ ਬਾਂਸਲ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਅਧਿਕਾਰੀ ਨੇ ਆਰਟੀਆਈ ਰਾਹੀਂ ਮੰਗੀ ਗਈ ਜਾਣਕਾਰੀ ਵਿੱਚ ਉਨ੍ਹਾਂ ਕਿਹਾ ਕਿ ਉਪ-ਮੰਡਲ ਇੰਜਨੀਅਰ, ਲੋਕ ਨਿਰਮਾਣ ਵਿਭਾਗ, ਇਮਾਰਤਾਂ ਅਤੇ ਸੜਕਾਂ ਦਾ ਦਫ਼ਤਰ ਕਾਲਕਾ ਵਿੱਚ ਹੀ ਹੈ। ਇਸਨੂੰ ਪੰਚਕੂਲਾ ਨਹੀਂ ਸ਼ਿਫਟ ਕੀਤਾ ਗਿਆ ਹੈ। ਨਾ ਹੀ ਵਿਭਾਗ ਕੋਲ ਇਸ ਬਾਰੇ ਕੋਈ ਸੂਚਨਾ ਹੈ।