ਸ੍ਰੀ ਹਜ਼ੂਰ ਸਾਹਿਬ ਅਤੇ ਹਰਿਦੁਆਰ ਨੂੰ ਜਾਵੇਗੀ ਸਿੱਧੀ ਰੇਲਗੱਡੀ
ਕੋਟਕਪੂਰਾ, 12 ਮਈ
ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹਜ਼ੂਰ ਸਾਹਿਬ ਅਤੇ ਹਰਿਦੁਆਰ ਨੂੰ ਕੋਈ ਰੇਲਗੱਡੀ ਵਾਇਆ ਕੋਟਕਪੂਰਾ ਅਤੇ ਫ਼ਰੀਦਕੋਟ ਹੋ ਕੇ ਸਿੱਧੀ ਜਾਵੇਗੀ ਜੋ ਹਫ਼ਤੇ ਵਿੱਚ ਦੋ ਦਿਨ ਚੱਲੇਗੀ। ਜ਼ਿਲ੍ਹੇ ਵਿੱਚ ਇਸ ਰੇਲਗੱਡੀ ਦਾ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਰੇਲ ਸਿੱਖਾਂ ਦੇ ਧਾਰਮਿਕ ਸਥਾਨ ਸ੍ਰੀ ਹਜ਼ੂਰ ਸਾਹਿਬ ਅਤੇ ਹਿੰਦੂਆਂ ਦੇ ਤੀਰਥ ਸਥਾਨ ਹਰਿਦੁਆਰ ਤੱਕ ਜਾਵੇਗੀ।
ਇਸ ਸਬੰਧੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਅਤੇ ਹਲਕਾ ਕੋਟਕਪੂਰਾ ਦੇ ਇੰਚਾਰਜ ਦੁਰਗੇਸ਼ ਸ਼ਰਮਾ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੌਰਾਨ ਇਹ ਮੰਗ ਪ੍ਰਮੁੱਖਤਾ ਨਾਲ ਪਾਰਟੀ ਦੇ ਕੇਂਦਰੀ ਆਗੂਆਂ ਕੋਲ ਰੱਖੀ ਗਈ ਸੀ। ਉਨ੍ਹਾਂ ਦੱਸਿਆ ਕਿ ਵੋਟਾਂ ਤੋਂ ਬਾਅਦ ਵੀ ਕਈ ਵਾਰ ਉਨ੍ਹਾਂ ਇਹ ਮੰਗ ਕੇਂਦਰੀ ਮੰਤਰੀ ਰਵਨੀਤ ਸਿੰਘ ਬਿਟੂ ਕੋਲ ਉਠਾਈ ਸੀ ਅਤੇ ਹੁਣ ਇਹ ਮੰਗ ਪੂਰੀ ਹੋਈ ਹੈ। ਸ੍ਰੀ ਕੱਕੜ ਨੇ ਰਵਨੀਤ ਸਿੰਘ ਬਿੱਟੂ ਦਾ ਉਨ੍ਹਾਂ ਦੇ ਘਰ ਜਾ ਕੇ ਧੰਨਵਾਦ ਕੀਤਾ। ਇਸ ਸਬੰਧੀ ਕੋਟਕਪੂਰਾ ਵਿਕਾਸ ਮੰਚ ਦੇ ਆਗੂ ਨਰਿੰਦਰ ਕੁਮਾਰ, ਪ੍ਰਦੀਪ ਕੁਮਾਰ ਮਿੱਤਲ, ਮਨਜਿੰਦਰ ਸਿੰਘ, ਵਿਜੇ ਸਿੰਗਲਾ ਅਤੇ ਨਗਰ ਕੌਂਸਲਰ ਘਣਸ਼ਾਮ ਦਾਸ ਮਿੱਤਲ ਨੇ ਕਿਹਾ ਕਿ ਉਹ ਅਤੇ ਰੇਲਵੇ ਸੰਘਰਸ਼ ਸੰਮਤੀ ਦੇ ਆਗੂ ਪਿਛਲੇ ਕਾਫੀ ਅਰਸੇ ਤੋਂ ਹਰਿਦੁਆਰ ਅਤੇ ਸ੍ਰੀ ਹਜ਼ੂਰ ਸਾਹਿਬ ਲਈ ਰੇਲਗੱਡੀ ਦੀ ਮੰਗ ਕਰ ਰਹੇ ਸਨ ਅਤੇ ਇਹ ਮੰਗ ਹੁਣ ਪੂਰੀ ਹੋਣ ਲੱਗੀ ਹੈ। ਉਨ੍ਹਾਂ ਦੱਸਿਆ ਕਿ ਇਹ ਗੱਡੀ ਫਿਰੋਜ਼ਪੁਰ ਤੋਂ ਚੱਲੇਗੀ ਅਤੇ ਫਰੀਦਕੋਟ, ਕੋਟਕਪੂਰਾ, ਬਠਿੰਡਾ, ਰਾਮਪੁਰਾ ਫੂਲ, ਬਰਨਾਲਾ, ਨਾਭਾ, ਧੂਰੀ ਅਤੇ ਪਟਿਆਲਾ ਹੁੰਦਿਆਂ ਹੋਏ ਅੱਗੇ ਦੂਜੇ ਰਾਜਾਂ ਵਿੱਚ ਪ੍ਰਵੇਸ਼ ਕਰੇਗੀ।
ਕੋਟਕਪੂਰਾ ਦੇ ਸਟੇਸ਼ਨ ਮਾਸਟਰ ਰਮਕੇਸ਼ ਮੀਨਾ ਨੇ ਦੱਸਿਆ ਕਿ ਸ੍ਰੀ ਹਜ਼ੂਰ ਸਾਹਿਬ ਅਤੇ ਹਰਿਦੁਆਰ ਨੂੰ ਜਾਣ ਵਾਲੀ ਰੇਲਗੱਡੀ ਦਾ ਐਲਾਨ ਹੋ ਚੁੱਕਾ ਹੈ, ਪਰ ਇਹ ਕਿਸ ਦਿਨ ਤੋਂ ਚੱਲਣੀ ਹੈ, ਇਸ ਬਾਰੇ ਹਾਲੇ ਸ਼ੈਡਿਊਲ ਜਾਰੀ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਐਲਾਨ ਮੁਤਾਬਿਕ ਇਹ ਰੇਲਗੱਡੀ ਹਫ਼ਤੇ ਵਿੱਚ ਦੋ ਦਿਨ ਚੱਲੇਗੀ ਅਤੇ ਇਸਦਾ ਫ਼ਰੀਦਕੋਟ ਜ਼ਿਲ੍ਹੇ ਵਿੱਚ ਕੋਟਕਪੂਰਾ ਅਤੇ ਫ਼ਰੀਦਕੋਟ ਦੋ ਸਟੇਸ਼ਨਾਂ ’ਤੇ ਠਹਿਰਾਅ ਹੋਵੇਗਾ।