ਸ੍ਰੀਨਗਰ-ਲੇਹ ਮਾਰਗ 33 ਦਿਨਾਂ ਮਗਰੋਂ ਖੁੱਲ੍ਹਿਆ
ਰਣਨੀਤਕ ਤੌਰ ’ਤੇ ਅਹਿਮ ਸ੍ਰੀਨਗਰ-ਲੇਹ ਕੌਮੀ ਹਾਈਵੇਅ 33 ਦਿਨਾਂ ਤੱਕ ਬੰਦ ਰਹਿਣ ਮਗਰੋਂ ਅੱਜ ਮੁੜ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ। ਜ਼ੋਜਿਲਾ ਦੱਰੇ ’ਤੇ ਭਾਰੀ ਬਰਫ਼ਬਾਰੀ ਕਾਰਨ ਇਹ ਮਾਰਗ ਠੱਪ ਹੋ ਗਿਆ ਸੀ। ਇਹ ਮਾਰਗ ਅੱਜ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ ਦੇ ਡਾਇਰੈਕਟਰ ਜਨਰਲ ਲੈਫ਼ਟੀਨੈਂਟ ਜਨਰਲ ਰਘੂ ਸ੍ਰੀਨਿਵਾਸਨ ਵੱਲੋਂ ਖੋਲ੍ਹਿਆ ਗਿਆ। ਜ਼ੋਜਿਲਾ ਦੱਰੇ ਨੇੜੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੈਫ਼ਟੀਨੈਂਟ ਜਨਰਲ ਸ੍ਰੀਨਿਵਾਸਨ ਨੇ ਕਿਹਾ, ‘‘ਈਦ ਦਾ ਤਿਉਹਾਰ ਭਾਵੇਂ ਸੋਮਵਾਰ ਨੂੰ ਮਨਾਇਆ ਗਿਆ ਹੈ ਪਰ ਸਾਡੇ ਲਈ ਈਦ ਅੱਜ ਹੈ ਕਿਉਂਕਿ ਰਣਨੀਤਕ ਤੌਰ ’ਤੇ ਅਹਿਮ ਸੜਕ ਲੋਕਾਂ ਅਤੇ ਰੱਖਿਆ ਬਲਾਂ ਲਈ ਸਰਕਾਰੀ ਤੌਰ ’ਤੇ ਅੱਜ ਮੁੜ ਤੋਂ ਖੋਲ੍ਹੀ ਗਈ ਹੈ।’’ ਉਨ੍ਹਾਂ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ ਦੇ ਜਵਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇੰਨੇ ਮੁਸ਼ਕਲ ਹਾਲਾਤ ’ਚ ਉਨ੍ਹਾਂ ਸੜਕ ਖੋਲ੍ਹਣ ਲਈ ਦਿਨ-ਰਾਤ ਇਕ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਵਰ੍ਹੇ ਦੱਰਾ ਸਿਰਫ਼ 33 ਦਿਨਾਂ ਲਈ ਹੀ ਬੰਦ ਰਿਹਾ। ਉਂਜ ਪਿਛਲੇ ਕੁਝ ਸਾਲਾਂ ਤੋਂ ਇਹ ਦੱਰਾ ਔਸਤਨ 135 ਦਿਨਾਂ ਤੱਕ ਬੰਦ ਰਹਿੰਦਾ ਸੀ। ਕਰੀਬ 11,643 ਫੁੱਟ ਦੀ ਉਚਾਈ ’ਤੇ ਸਥਿਤ 434 ਕਿਲੋਮੀਟਰ ਲੰਬੇ ਸ੍ਰੀਨਗਰ-ਲੇਹ ਕੌਮੀ ਹਾਈਵੇਅ ’ਤੇ ਜ਼ੋਜਿਲਾ ਦੱਰਾ ਕਸ਼ਮੀਰ ਵਾਦੀ ਅਤੇ ਲੱਦਾਖ ਵਿਚਕਾਰ ਅਹਿਮ ਮਾਰਗ ਹੈ। ਇਹ ਦੱਰਾ ਆਮ ਤੌਰ ’ਤੇ ਹਰ ਸਾਲ ਸਰਦੀਆਂ ਸ਼ੁਰੂ ਹੁੰਦੇ ਸਾਰ ਨਵੰਬਰ ਦੇ ਅਖੀਰ ’ਚ ਬੰਦ ਕਰ ਦਿੱਤਾ ਜਾਂਦਾ ਹੈ ਜਦੋਂ ਇਲਾਕੇ ’ਚ ਪਾਰਾ ਸਿਫ਼ਰ ਤੋਂ ਕਈ ਡਿਗਰੀ ਹੇਠਾਂ ਚਲਾ ਜਾਂਦਾ ਹੈ। -ਪੀਟੀਆਈ