ਸੀਆਈਐੱਸਸੀਈ ਬੋਰਡ ਨਤੀਜੇ: 10ਵੀਂ ਤੇ 12ਵੀਂ ’ਚ ਕੁੜੀਆਂ ਨੇ ਮੁੜ ਮੁੰਡੇ ਪਛਾੜੇ
ਨਵੀਂ ਦਿੱਲੀ, 30 ਅਪਰੈਲ
ਇੱਥੇ ਅੱਜ ਇੰਡੀਅਨ ਸਕੂਲ ਸਰਟੀਫਿਕੇਟ ਪ੍ਰੀਖਿਆ (ਸੀਆਈਐੱਸਸੀਈ) ਦੀ 10ਵੀਂ ਅਤੇ 12ਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ ਵਿੱਚ ਕੁੜੀਆਂ ਨੇ ਇੱਕ ਵਾਰ ਫਿਰ ਮੁੰਡਿਆਂ ਨੂੰ ਪਛਾੜ ਦਿੱਤਾ ਹੈ। ਦਸਵੀਂ ਜਮਾਤ ਦੀ ਪ੍ਰੀਖਿਆ ਵਿੱਚ ਕੁੜੀਆਂ ਦੀ ਪਾਸ ਫੀਸਦ 99.45 ਅਤੇ ਮੁੰਡਿਆਂ ਦੀ ਪਾਸ ਫੀਸਦ 98.64 ਰਹੀ। ਇਸੇ ਤਰ੍ਹਾਂ 12ਵੀਂ ਜਮਾਤ ਵਿੱਚ ਵੀ ਕੁੜੀਆਂ ਨੇ ਮੁੰਡਿਆਂ ਨਾਲੋਂ ਵਧੀਆ ਪ੍ਰਦਰਸ਼ਨ ਕੀਤਾ, ਜਿਸ ਵਿੱਚ ਕੁੜੀਆਂ ਦੀ ਪਾਸ ਫੀਸਦ 99.45 ਅਤੇ ਮੁੰਡਿਆਂ ਦੀ ਪਾਸ ਫੀਸਦ 98.64 ਰਹੀ। ਆਈਸੀਐੱਸਈ ਪ੍ਰੀਖਿਆ (ਦਸਵੀਂ ਜਮਾਤ) 67 ਲਿਖਤੀ ਵਿਸ਼ਿਆਂ ਵਿੱਚ ਹੋਈ ਸੀ, ਜਿਨ੍ਹਾਂ ’ਚੋਂ 20 ਭਾਰਤੀ ਭਾਸ਼ਾਵਾਂ, 14 ਵਿਦੇਸ਼ੀ ਭਾਸ਼ਾਵਾਂ ਅਤੇ ਇੱਕ ਕਲਾਸੀਕਲ ਭਾਸ਼ਾ ਸੀ। ਆਈਐੱਸਸੀ ਪ੍ਰੀਖਿਆ (12ਵੀਂ ਜਮਾਤ) 47 ਲਿਖਤੀ ਵਿਸ਼ਿਆਂ ਵਿੱਚ ਹੋਈ, ਜਿਨ੍ਹਾਂ ’ਚੋਂ 12 ਭਾਰਤੀ, ਚਾਰ ਵਿਦੇਸ਼ੀ ਅਤੇ ਦੋ ਸ਼ਾਸਤਰੀ ਭਾਸ਼ਾਵਾਂ ਸਨ। ਜਾਣਕਾਰੀ ਅਨੁਸਾਰ 2,803 ਸਕੂਲਾਂ ਦੇ ਕੁੱਲ 2,52,557 ਉਮੀਦਵਾਰਾਂ ਨੇ 10ਵੀਂ ਜਮਾਤ ਦੀ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿੱਚੋਂ 2,308 ਉਮੀਦਵਾਰ ਫੇਲ੍ਹ ਹੋਏ। ਇਸੇ ਤਰ੍ਹਾਂ 1460 ਸਕੂਲਾਂ ਦੇ 99,551 ਉਮੀਦਵਾਰਾਂ ਨੇ 12ਵੀਂ ਦੀ ਪ੍ਰੀਖਿਆ ਦਿੱਤੀ, ਜਿਸ ’ਚੋਂ 973 ਪ੍ਰੀਖਿਆ ਪਾਸ ਨਹੀਂ ਕਰ ਸਕੇ। -ਪੀਟੀਆਈ