ਸਿਰ ਵਿੱਚ ਡਾਂਗ ਮਾਰ ਕੇ ਛੋਟੇ ਭਰਾ ਦੀ ਹੱਤਿਆ
ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 15 ਅਪਰੈਲ
ਇਥੇ ਪਿੰਡ ਫੁਲਾਂ ਵਿੱਚ ਵੱਡੇ ਭਰਾ ਵੱਲੋਂ ਛੋਟੇ ਦੇ ਸਿਰ ਵਿੱਚ ਡਾਂਗ ਮਾਰਨ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਤਾਏ ਦੇ ਪੁੱਤਰ ਨੇ ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਕੀਤੀ ਹੈ। ਪਿੰਡ ਫੁਲਾਂ ਦੇ ਰਹਿਣ ਵਾਲੇ ਦਵਿੰਦਰ ਕੁਮਾਰ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੇ ਚਾਚਾ-ਚਾਚੀ ਦਾ ਦੇਹਾਂਤ ਹੋ ਚੁੱਕਿਆ ਹੈ।
ਉਸ ਦੇ ਚਾਚਾ ਦੇਵੀ ਲਾਲ ਦੇ ਦੋ ਪੁੱਤਰ ਹਨ। ਇਨ੍ਹਾਂ ਵਿਚ ਵੱਡਾ ਪੁੱਤਰ ਰਾਜੇਸ਼ ਉਰਫ ਘੋਨਾ ਵਿਆਹਿਆ ਹੋਇਆ ਹੈ, ਜਦੋਂਕਿ ਛੋਟਾ ਅਸ਼ਬੀਰ ਕੁਆਰਾ ਹੈ। ਦੋਵੇਂ ਭਰਾ ਸ਼ਰਾਬ ਪੀਣ ਦੇ ਆਦੀ ਸਨ। ਆਪਸ ਵਿਚ ਝਗੜਦੇ ਰਹਿੰਦੇ ਸਨ। ਦਵਿੰਦਰ ਨੇ ਦੱਸਿਆ ਕਿ ਸਾਡਾ ਖੇਤ ਵੀ ਚਾਚੇ ਦੇ ਮਕਾਨ ਨਾਲ ਹੀ ਲੱਗਦਾ ਹੈ। ਉਸ ਨੇ ਦੱਸਿਆ ਕਿ 9 ਅਪਰੈਲ ਨੂੰ ਉਹ ਆਪਣੇ ਖੇਤ ਵਿਚ ਗਿਆ ਤਾਂ ਅਸ਼ਬੀਰ ਨੂੰ ਮਿਲਣ ਉਸ ਦੇ ਘਰ ਚਲਿਆ ਗਿਆ। ਉਥੇ ਰਾਜੇਸ਼ ਮਿਲਿਆ, ਜਿਸ ਨੇ ਦੱਸਿਆ ਕਿ ਅਸ਼ਬੀਰ 8 ਅਪਰੈਲ ਤੋਂ ਘਰ ਨਹੀਂ ਆਇਆ ਹੈ ਅਤੇ ਨਾ ਉਸ ਨੂੰ ਪਤਾ ਹੈ ਕਿ ਉਹ ਕਿੱਥੇ ਹੈ। ਦਵਿੰਦਰ ਨੇ ਦੱਸਿਆ ਕਿ ਰਾਜੇਸ਼ ਦੇ ਗੱਲ ਕਰਨ ਦੇ ਤਰੀਕੇ ’ਤੇ ਉਸ ਨੂੰ ਸ਼ੱਕ ਹੋਇਆ। ਉਸ ਨੇ ਅਸ਼ਬੀਰ ਬਾਰੇ ਨੇੜੇ ਤੇੜੇ ਪਤਾ ਕੀਤਾ ਤਾਂ ਜਾਣਕਾਰੀ ਮਿਲੀ ਕਿ 8 ਅਪਰੈਲ ਨੂੰ ਰਾਤ ਨੂੰ ਅਸ਼ਬੀਰ ਦਾ ਆਪਣੇ ਭਰਾ ਰਾਜੇਸ਼ ਅਤੇ ਭਾਬੀ ਲਛਮੀਨਾ ਨਾਲ ਝਗੜਾ ਹੋਇਆ ਸੀ। ਝਗੜਾ ਇੰਨਾ ਵਧ ਗਿਆ ਕਿ ਵੱਡੇ ਭਰਾ ਨੇ ਛੋਟੇ ਦੇ ਸਿਰ ’ਤੇ ਡੰਡਾ ਮਾਰ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਝਗੜੇ ਦੇ ਅਗਲੇ ਹੀ ਦਿਨ ਛੋਟੇ ਭਰਾ ਦੀ ਲਾਸ਼ ਢਾਣੀ ਬਿੰਜਾ ਲਾਂਬਾ ਦੀ ਨਹਿਰ ਵਿੱਚੋਂ ਮਿਲੀ। ਪੁਲੀਸ ਵੱਲੋਂ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ।