ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤ ਲੈਣ ਦੇ ਦੋਸ਼ ਹੇਠ ਕਲਰਕ ਕਾਬੂ
06:52 AM Apr 27, 2025 IST
ਨਿੱਜੀ ਪੱਤਰ ਪ੍ਰੇਰਕ
ਮੋਗਾ, 26 ਅਪਰੈਲ
ਵਿਜੀਲੈਂਸ ਬਿਉੂਰੋ ਨਵਾਂਸ਼ਹਿਰ ਦੀ ਟੀਮ ਨੇ ਇਥੇ ਕਸਬਾ ਅਜੀਤਵਾਲ ਸਥਿਤ ਪਾਵਰਕੌਮ ਦਫ਼ਤਰ ਦੇ ਕਲਰਕ ਨੂੰ 35 ਹਜ਼ਾਰ ਰੁਪਏ ਵੱਢੀ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਕਲਰਕ 12 ਸਾਲ ਤੋਂ ਕੰਟਰੈਕਟ ’ਤੇ ਸੇਵਾਵਾਂ ਨਿਭਾਅ ਰਿਹਾ ਸੀ ਅਤੇ 25 ਅਪਰੈਲ ਨੂੰ ਹੀ ਪੱਕਾ ਹੋਇਆ ਸੀ। ਵਿਜੀਲੈਂਸ ਬਿਉੂਰੋ ਨਵਾਂਸ਼ਹਿਰ ਦੇ ਡੀਐੱਸਪੀ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਸੁਖਪਾਲ ਸਿੰਘ ਵਾਸੀ ਮੁਹਾਲੀ ਨੇ ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਮੋਗਾ ਜ਼ਿਲ੍ਹੇ ਦੇ ਪਿੰਡ ਮੱਦੋਕੇ ਸਥਿਤ ਗੁਰਦੁਆਰੇ ਵਿੱਚ ਸੋਲਰ ਪੈਨਲ ਲਾਉਣਾ ਸੀ। ਪਾਵਰਕੌਮ ਦੇ ਅਜੀਤਵਾਲ ਦਫ਼ਤਰ ਵਿੱਚ ਤਾਇਨਾਤ ਬਿੱਲ ਕਲਰਕ ਗੁਰਪ੍ਰੀਤ ਸਿੰਘ ਨੇ ਮੀਟਰ ਆਦਿ ਲਾਉਣ ਬਦਲੇ 45 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਸੀ। ਮੁਲਜ਼ਮ ਪਹਿਲੀ ਕਿਸ਼ਤ ਵਜੋਂ 10 ਹਜ਼ਾਰ ਰੁਪਏ ਵਸੂਲ ਕਰ ਚੁੱਕਿਆ ਸੀ ਅਤੇ ਦੂਜੀ ਕਿਸ਼ਤ ਵਜੋਂ 35 ਹਜ਼ਾਰ ਰੁਪਏ ਲੈਂਦਿਆਂ ਉਸ ਨੂੰ ਵਿਜੀਲੈਂਸ ਨੇ ਕਾਬੂ ਕਰ ਲਿਆ।
Advertisement
Advertisement