ਪੰਜਾਬ ਸਰਕਾਰ ਵੱਲੋਂ ਦੋ ਹਜ਼ਾਰ ਪੀਟੀਆਈ ਅਧਿਆਪਕ ਭਰਤੀ ਕਰਨ ਦਾ ਐਲਾਨ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਅਪਰੈਲ
ਸਰਕਾਰ ਵੱਲੋਂ ਸੂਬੇ ’ਚ ਸਕੂਲ ਪੱਧਰ ’ਤੇ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨ ਲਈ ਪ੍ਰਾਇਮਰੀ ਸਕੂਲਾਂ ਲਈ 2000 ਸਰੀਰਕ ਸਿਖਲਾਈ ਇੰਸਟਰੱਕਟਰ (ਪੀਟੀਆਈ) ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ। ਇਹ ਐਲਾਨ ਅੱਜ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤਾ। ਸ੍ਰੀ ਬੈਂਸ ਕਿਹਾ ਕਿ ਇਨ੍ਹਾਂ ਅਸਾਮੀਆਂ ਨੂੰ ਭਰਨ ਲਈ ਸਕੂਲ ਸਿੱਖਿਆ ਵਿਭਾਗ ਦੇ ਭਰਤੀ ਬੋਰਡ ਨੂੰ ਪ੍ਰਵਾਨਗੀ ਪੱਤਰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੀਟੀਆਈ ਅਧਿਆਪਕਾਂ ਦੀ ਭਰਤੀ ਨਾਲ ਵਿਦਿਆਰਥੀਆਂ ਨੂੰ ਢੁੱਕਵਾਂ ਖੇਡ ਢਾਂਚਾ ਮੁਹੱਈਆ ਹੋਵੇਗਾ।
ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀਮਤੀ ਅਨਿੰਦਿਤਾ ਮਿੱਤਰਾ ਨੇ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ ਅਰਜ਼ੀ ਪ੍ਰਕਿਰਿਆ ਸਬੰਧੀ ਵੇਰਵੇ ਸੱਤ ਦਿਨਾਂ ਵਿੱਚ ਵੈੱਬਸਾਈਟ educationrecruitmentboard.com ’ਤੇ ਉਪਲਬਧ ਹੋ ਜਾਣਗੇ। ਅਧਿਆਪਕਾਂ ਲਈ ਯੋਗਤਾ ਦੇ ਵੇਰਵਿਆਂ ਬਾਰੇ ਉਨ੍ਹਾਂ ਦੱਸਿਆ ਕਿ ਬਿਨੈਕਾਰ ਲਈ ਦਸਵੀਂ ਜਮਾਤ ਵਿੱਚ ਪੰਜਾਬੀ ਲਾਜ਼ਮੀ ਪਾਸ ਕੀਤੀ ਹੋਣੀ ਚਾਹੀਦੀ ਹੈ ਅਤੇ ਬਾਰ੍ਹਵੀਂ ਜਮਾਤ ਪਾਸ ਕਰਨ ਦੇ ਨਾਲ-ਨਾਲ ਘੱਟੋ-ਘੱਟ ਦੋ ਸਾਲਾਂ ਦਾ ਸਰੀਰਕ ਸਿੱਖਿਆ ਵਿੱਚ ਡਿਪਲੋਮਾ ਜਾਂ ਸਰਟੀਫ਼ਿਕੇਟ ਹੋਣਾ ਚਾਹੀਦਾ ਹੈ, ਜਿਵੇਂ ਕਿ ਸਰੀਰਕ ਸਿੱਖਿਆ ਵਿੱਚ ਡਿਪਲੋਮਾ ਜਾਂ ਸਰੀਰਕ ਸਿੱਖਿਆ ਵਿੱਚ ਸਰਟੀਫ਼ਿਕੇਟ (ਡੀਪੀਐੱਡ, ਸੀਪੀਐੱਡ) ਜਾਂ ਇਸ ਸਬੰਧੀ ਕੋਈ ਹੋਰ ਕੋਰਸ ਕੀਤਾ ਹੋਵੇ। ਯੋਗ ਉਮੀਦਵਾਰਾਂ ਨੂੰ ਲਿਖਤੀ ਪ੍ਰੀਖਿਆ ਅਤੇ ਸਰੀਰਕ ਫਿਟਨੈਸ ਟੈਸਟ ਮਗਰੋਂ ਸ਼ਾਰਟਲਿਸਟ ਕੀਤਾ ਜਾਵੇਗਾ।