ਸਾਹਿਤ ਸਦਨ ਛੱਡਣ ਲਈ ਤਿਆਰ ਨਹੀਂ ਐੱਨਸੀਸੀ ਏਅਰ ਸਕੁਐਡਰਨ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 6 ਫਰਵਰੀ
ਭਾਸ਼ਾ ਵਿਭਾਗ ਪੰਜਾਬ ਦੇ ਪਟਿਆਲਾ ਸਥਿਤ ਮੁੱਖ ਦਫ਼ਤਰ ਵਿੱਚ ਲੇਖਕਾਂ ਲਈ ਬਣਾਏ ਗਏ ਸਾਹਿਤ ਸਦਨ ‘ਤੇ ਐੱਨਸੀਸੀ ਨੇ ਕਬਜ਼ਾ ਕੀਤਾ ਹੋਇਆ ਹੈ। ਇਸ ਸਾਹਿਤ ਸਦਨ ਵਿੱਚ ਦੂਰੋਂ-ਨੇੜਿਓਂ ਲੇਖਕ ਆ ਕੇ ਆਪਣੀਆਂ ਲਿਖਤਾਂ ਪੂਰੀਆਂ ਕਰਦੇ ਸਨ। ਦੂਜੇ ਪਾਸੇ ਐੱਨਸੀਸੀ ਦੇ ਅਧਿਕਾਰੀਆਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਇਸ ਬਦਲੇ ਕੋਈ ਵਧੀਆ ਤੇ ਢੁੱਕਵੀਂ ਥਾਂ ਦਿੱਤੀ ਜਾਵੇ। 1992 ਵਿੱਚ ਬਣਾਏ ਗਏ ਇਸ ਸਾਹਿਤ ਸਦਨ ਦਾ ਉਦਘਾਟਨ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਨੇ ਕੀਤਾ ਸੀ। ਸਦਨ ਵਿੱਚ 12 ਕਮਰੇ ਹਨ ਤੇ ਸਾਹਮਣੇ ਕਾਫ਼ੀ ਵੱਡਾ ਮੈਦਾਨ ਹੈ। ਪਿਛਲੇ ਸਾਢੇ ਤਿੰਨ ਸਾਲਾਂ ਤੋਂ ਇਸ ਸਦਨ ‘ਤੇ ‘3 ਪੰਜਾਬ ਏਅਰ ਸਕੁਐਡਰਨ ਐੱਨਸੀਸੀ’ ਦਾ ਕਬਜ਼ਾ ਹੈ। ਇਸ ਬਾਬਤ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਲਖਵਿੰਦਰ ਸਿੰਘ ਜੌਹਲ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਸਿੰਘ ਬੁੱਟਰ, ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਪ੍ਰਧਾਨ ਤੇਜਵੰਤ ਸਿੰਘ ਮਾਨ ਤੇ ਹੋਰ ਵੱਡੀ ਗਿਣਤੀ ਸਾਹਿਤਕਾਰ ਇਤਰਾਜ਼ ਦਰਜ ਕਰਵਾ ਚੁੱਕੇ ਹਨ। ਇਸ ਬਾਬਤ ਭਾਸ਼ਾ ਵਿਭਾਗ ਦੇ ਡਾਇਰੈਕਟਰ ਦਾ ਕੰਮ ਸੰਭਾਲ ਰਹੇ ਵੀਰਪਾਲ ਕੌਰ ਦਾ ਕਹਿਣਾ ਹੈ ਕਿ ਵਿਭਾਗ ਵੱਲੋਂ ਕਈ ਵਾਰ ਸਰਕਾਰ ਨੂੰ ਸ਼ਿਕਾਇਤ ਭੇਜੀ ਗਈ ਹੈ।
ਜਲਦ ਲੇਖਕਾਂ ਹਵਾਲੇ ਕੀਤਾ ਜਾਵੇਗਾ ਸਦਨ: ਹਰਜੋਤ ਬੈਂਸ
ਉਚੇਰੀ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਇਸ ਸਬੰਧੀ ਕਿਹਾ ਕਿ ਸਾਹਿਤ ਸਦਨ ਲੇਖਕਾਂ ਦਾ ਹੈ ਤੇ ਇਹ ਅਸੀਂ ਛੇਤੀ ਹੀ ਇਸ ਨੂੰ ਲੇਖਕਾਂ ਹਵਾਲੇ ਕਰ ਦਿਆਂਗੇ। ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਉਨ੍ਹਾਂ ਕੋਲ ਥੋੜਾ ਸਮਾਂ ਪਹਿਲਾਂ ਹੀ ਆਇਆ ਹੈ ਤੇ ਉਹ ਛੇਤੀ ਹੀ ਇਸ ਸਬੰਧੀ ਢੁੱਕਵੀਂ ਕਾਰਵਾਈ ਕਰਨਗੇ।