ਸ਼ਾਹ ਵੱਲੋਂ ਲੋਕਾਂ ਨੂੰ ਬਸਤਰ ਦੇ ਵਿਕਾਸ ’ਚ ਸ਼ਾਮਲ ਹੋਣ ਦਾ ਸੱਦਾ
ਦਾਂਤੇਵਾੜਾ, 5 ਅਪਰੈਲ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਨਕਸਲੀਆਂ ਨੂੰ ਹਿੰਸਾ ਛੱਡਣ ਅਤੇ ਬਸਤਰ ਦੀ ਵਿਕਾਸ ਯਾਤਰਾ ਦਾ ਹਿੱਸਾ ਬਣਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਕੋਈ ਨਕਸਲੀ ਮਾਰਿਆ ਜਾਂਦਾ ਹੈ ਤਾਂ ਕੋਈ ਵੀ ਖੁਸ਼ ਨਹੀਂ ਹੁੰਦਾ।
ਸ਼ਾਹ ਨੇ ਅਗਲੇ ਸਾਲ ਮਾਰਚ ਤੱਕ ਨਕਸਲਵਾਦ ਦਾ ਸਫਾਇਆ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਹੁਣ ਨਕਸਲੀ ਹਥਿਆਰਾਂ ਦੇ ਜ਼ੋਰ ’ਤੇ ਕਬਾਇਲੀਆਂ ਦੇ ਵਿਕਾਸ ਨੂੰ ਰੋਕ ਨਹੀਂ ਸਕਦੇ। ਸ਼ਾਹ ਨੇ ਦਾਂਤੇਵਾੜਾ ਸ਼ਹਿਰ ’ਚ ਸੂਬਾ ਸਰਕਾਰ ਵੱਲੋਂ ਕਰਵਾਏ ‘ਬਸਤਰ ਪੰਡੁਮ’ ਮਹਾ ਉਤਸਵ ਦੇ ਸਮਾਪਤੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਗਲੇ ਸਾਲ ਇਹ ਸਮਾਗਮ ਕੌਮੀ ਪੱਧਰ ’ਤੇ ਕਰਵਾਇਆ ਜਾਵੇਗਾ ਜਿਸ ਵਿੱਚ ਦੇਸ਼ ਭਰ ਤੋਂ ਕਬਾਇਲੀ ਹਿੱਸਾ ਲੈਣਗੇ। ਸ਼ਾਹ ਨੇ ਕਿਹਾ, ‘ਉਹ ਦਿਨ ਚਲੇ ਗਏ ਜਦੋਂ ਗੋਲੀਆਂ ਚਲਦੀਆਂ ਸਨ। ਮੈਂ ਉਨ੍ਹਾਂ ਸਾਰੇ ਨਕਸਲੀ ਭਰਾਵਾਂ ਨੂੰ ਅਪੀਲ ਕਰਦਾ ਹਾਂ ਜਿਨ੍ਹਾਂ ਦੇ ਹੱਥ ’ਚ ਹਥਿਆਰ ਹਨ ਅਤੇ ਜਿਨ੍ਹਾਂ ਕੋਲ ਨਹੀਂ ਵੀ ਹਨ, ਉਹ ਮੁੱਖ ਧਾਰਾ ’ਚ ਸ਼ਾਮਲ ਹੋਣ। ਤੁਸੀਂ ਸਾਡੇ ਆਪਣੇ ਲੋਕ ਹੋ। ਕਿਸੇ ਨਕਸਲੀ ਦੇ ਮਾਰੇ ਜਾਣ ’ਤੇ ਕੋਈ ਖੁਸ਼ ਨਹੀਂ ਹੁੰਦਾ।’ ਉਨ੍ਹਾਂ ਕਿਹਾ, ‘ਇਸ ਖੇਤਰ ਨੂੰ ਵਿਕਾਸ ਦੀ ਲੋੜ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜ ਸਾਲਾਂ ਅੰਦਰ ਬਸਤਰ ’ਚ ਉਹ ਸਭ ਕੁਝ ਦੇਖਣਾ ਚਾਹੁੰਦੇ ਹਨ ਜਿਸ ਨੇ 50 ਸਾਲਾਂ ਤੋਂ ਵਿਕਾਸ ਨਹੀਂ ਦੇਖਿਆ। ਇਹ ਤਾਂ ਹੀ ਹੋ ਸਕਦਾ ਹੈ ਜਦੋਂ ਬਸਤਰ ’ਚ ਸ਼ਾਂਤੀ ਦਾ ਮਾਹੌਲ ਹੋਵੇ, ਬੱਚੇ ਸਕੂਲ ਜਾਣ, ਪਿੰਡਾਂ ਤੇ ਤਹਿਸੀਲਾਂ ’ਚ ਸਿਹਤ ਸਹੂਲਤਾਂ ਹੋਣ, ਹਰ ਕਿਸੇ ਕੋਲ ਆਧਾਰ ਕਾਰਡ, ਰਾਸ਼ਨ ਕਾਰਡ ਤੇ ਸਿਹਤ ਬੀਮਾ ਹੋਵੇ। ਇਹ ਤਾਂ ਹੀ ਹੋ ਸਕਦਾ ਹੈ ਜਦੋਂ ਬਸਤਰ ਦੇ ਲੋਕ ਤੈਅ ਕਰਨ ਕਿ ਉਹ ਆਪਣੇ ਘਰਾਂ ਤੇ ਪਿੰਡਾਂ ਨੂੰ ਨਕਸਲ ਮੁਕਤ ਬਣਾਉਣਗੇ।’ ਸ਼ਾਹ ਨੇ ਕਿਹਾ ਕਿ ਜੋ ਪਿੰਡ ਨਕਸਲੀਆਂ ਦੇ ਆਤਮ ਸਮਰਪਣ ’ਚ ਮਦਦ ਕਰਨਗੇ ਅਤੇ ਖੁਦ ਨੂੰ ਮਾਓਵਾਦੀ ਮੁਕਤ ਹੋਣ ਦਾ ਐਲਾਨ ਕਰਨਗੇ, ਉਨ੍ਹਾਂ ਨੂੰ ਇੱਕ ਕਰੋੜ ਰੁਪਏ ਦਿੱਤੇ ਜਾਣਗੇ। -ਪੀਟੀਆਈ