Tahawwur Rana: ਕਾਂਗਰਸ ਨੇ ਵੋਟ ਬੈਂਕ ਲਈ ਆਪਣੇ ਸ਼ਾਸਨ ਵੇਲੇ ਅਤਿਵਾਦ ਪ੍ਰਤੀ ਨਰਮ ਰੁਖ਼ ਅਪਣਾਇਆ: ਭਾਜਪਾ
ਨਵੀਂ ਦਿੱਲੀ, 10 ਅਪਰੈਲ
ਭਾਜਪਾ ਨੇ ਕਾਂਗਰਸ ਦੇ ਜਵਾਬ ਵਿਚ ਕਿਹਾ ਕਿ ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਦੀ ਹਵਾਲਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਅਤਿਵਾਦ ਪ੍ਰਤੀ ਨਵੇਂ ਭਾਰਤ ਦੀ ਜ਼ੀਰੋ-ਟੌਲਰੈਂਸ ਨੀਤੀ ਤੇ ਸੰਕਲਪ ਨੂੰ ਦਰਸਾਉਂਦੀ ਹੈ। ਭਾਜਪਾ ਨੇ ਦੋਸ਼ ਲਾਇਆ ਕਿ ਕਾਂਗਰਸ ਨੇ ਆਪਣੇ ਸ਼ਾਸਨ ਵੇਲੇ ਵੋਟ ਬੈਂਕ ਖਾਤਰ ਅਤਿਵਾਦ ਪ੍ਰਤੀ ਨਰਮੀ ਰੁਖ਼ ਅਪਣਾਇਆ ਸੀ। ਭਾਜਪਾ ਹੈੱਡਕੁਆਰਟਰ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਮੀ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ ਕਿ ਰਾਣਾ ਦੀ ਹਵਾਲਗੀ ਮੋਦੀ ਸਰਕਾਰ ਅਤੇ ਇਸ ਦੀਆਂ ਸੁਰੱਖਿਆ ਏਜੰਸੀਆਂ ਦੀ ਵੱਡੀ ਪ੍ਰਾਪਤੀ ਹੈ। ਪੂਨਾਵਾਲਾ ਨੇ ਕਿਹਾ, ‘ਇਹ ਹਵਾਲਗੀ ਕੋਈ ਆਮ ਹਵਾਲਗੀ ਨਹੀਂ ਹੈ। ਇਹ ਨਵੇਂ ਭਾਰਤ ਦੇ ਸੰਕਲਪ ਦਾ ਪ੍ਰਤੀਬਿੰਬ ਹੈ ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2019 ਵਿੱਚ ਬਿਆਨ ਕਰਦੇ ਹੋਏ ਕਿਹਾ ਸੀ ਕਿ ਜੇਕਰ ਕਿਸੇ ਨੇ ਭਾਰਤ ਦੀ ਏਕਤਾ, ਅਖੰਡਤਾ, ਸਨਮਾਨ ਅਤੇ ਇਸ ਦੇ ਨਿਰਦੋਸ਼ ਲੋਕਾਂ ’ਤੇ ਹਮਲਾ ਕਰਨ ਦੀ ਹਿੰਮਤ ਕੀਤੀ ਤਾਂ ਨਵਾਂ ਭਾਰਤ ਅਜਿਹੇ ਦਹਿਸ਼ਤਗਰਦਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਖੜ੍ਹਾ ਕਰੇਗਾ। ਭਾਜਪਾ ਦੇ ਬੁਲਾਰੇ ਨੇ ਕਿਹਾ ਕਿ ਅਤਿਵਾਦ ਅਤੇ ਅਤਿਵਾਦੀ ਹਮਲਿਆਂ ਪ੍ਰਤੀ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਰਵੱਈਏ ਅਤੇ ਮਾਨਸਿਕਤਾ ਵਿੱਚ ਵੱਡੀ ਤਬਦੀਲੀ ਕਾਰਨ ਰਾਣਾ ਨੂੰ ਨਿਆਂ ਦਾ ਸਾਹਮਣਾ ਕਰਨ ਲਈ ਵਾਪਸ ਲਿਆਂਦਾ ਜਾ ਰਿਹਾ ਹੈ।