ਸ਼ਰਾਰਤੀ ਅਨਸਰ ਸਾਡੀ ਕਿਸਾਨਾਂ ਨਾਲ ਸਾਂਝ ਤੋੜਨਾ ਚਾਹੁੰਦੇ ਹਨ: ਢੋਸ
05:37 AM Apr 05, 2025 IST
ਪੱਤਰ ਪ੍ਰੇਰਕ
ਧਰਮਕੋਟ, 4 ਅਪਰੈਲ
ਕਿਸਾਨ ਜਥੇਬੰਦੀਆਂ ਨਾਲ ਹੋਈ ਤਕਰਾਰ ਤੋਂ ਬਾਅਦ ਅੱਜ ਪਹਿਲੀਵਾਰ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕਿਹਾ ਕਿ ਉਨ੍ਹਾਂ ਅਤੇ ਉਨ੍ਹਾਂ ਦਾ ਪਰਿਵਾਰ ਹਮੇਸ਼ਾ ਹੀ ਕਿਸਾਨੀ ਹੱਕਾਂ ਅਤੇ ਹਿੱਤਾਂ ਦੀ ਰਾਖੀ ਲਈ ਕਿਸਾਨਾਂ ਨਾਲ ਖੜ੍ਹਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਉਨ੍ਹਾਂ ਦੀ ਕਿਸਾਨ ਜਥੇਬੰਦੀਆਂ ਨਾਲ ਗੂੜ੍ਹੀ ਸਾਂਝ ਨੂੰ ਤਾਰੋਪੀਡ ਕਰਨ ਦੇ ਯਤਨ ਕਰ ਰਹੇ ਹਨ। ਵਿਧਾਇਕ ਢੋਸ ਨੇ ਕਿਹਾ ਕਿ ਜਦੋਂ ਦਾ ਕਿਸਾਨੀ ਸਘੰਰਸ਼ ਸ਼ੁਰੂ ਹੋਇਆ ਹੈ ਪਹਿਲਾਂ ਉਨ੍ਹਾਂ ਦੇ ਮਰਹੂਮ ਪਿਤਾ ਜਥੇਦਾਰ ਕੁਲਦੀਪ ਸਿੰਘ ਢੋਸ ਸੰਘਰਸ਼ ਵਿਚ ਆਪਣਾ ਬਣਦਾ ਯੋਗਦਾਨ ਪਾਉਂਦੇ ਰਹੇ ਸਨ ਅਤੇ ਉਹ ਖੁਦ ਵੀ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਵਿਚਰ ਰਹੇ ਹਨ। ਆਪਣੀ ਰਿਹਾਇਸ਼ ’ਤੇ ਪਿੰਡ ਕੈਲਾ ਵਿੱਚ ਹੋਈ ਤਕਰਾਰ ਬਾਰੇ ਉਨ੍ਹਾਂ ਕਿਹਾ ਕਿ ਘਰ ਦਾ ਬੂਹਾ ਰੋਕੀ ਖੜ੍ਹੇ ਕੁਝ ਲੋਕਾਂ ਨੂੰ ਪਾਸੇ ਹੋਣ ਉੱਤੇ ਕਹਿਣ ’ਤੇ ਉਹ ਭੜਕ ਗਏ ਜਿਸ ਕਾਰਨ ਲੋਕਾਂ ਅਤੇ ਪੁਲੀਸ ਨਾਲ ਉਨ੍ਹਾਂ ਦੀ ਮਾਮੂਲੀ ਤਕਰਾਰ ਹੋਈ ਸੀ।
Advertisement
Advertisement