ਸਰਹੱਦ ਨੇੜਲੇ ਪਿੰਡਾਂ ਦੇ ਵਸਨੀਕਾਂ ਦੇ ਹੌਸਲੇ ਬੁਲੰਦ
ਦਲਬੀਰ ਸੱਖੋਵਾਲੀਆ
ਡੇਰਾ ਬਾਬਾ ਨਾਨਕ, 8 ਮਈ
ਭਾਰਤ-ਪਾਕਿਸਤਾਨ ਦਰਮਿਆਨ ਹਾਲਾਤ ਨਾਜ਼ੁਕ ਬਣਨ ’ਤੇ ਕੌਮਾਂਤਰੀ ਸਰਹੱਦ ਨਾਲ ਲੱਗਦੇ ਪਿੰਡਾਂ ਦੇ ਲੋਕ ਜਿੱਥੇ ਖ਼ੌਫਜ਼ਦਾ ਨੇ, ਉੱਥੇ ਹੀ ਨੌਜਵਾਨਾਂ ਵਿੱਚ ਭਾਰਤੀ ਫੌਜ ਦੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣ ਦਾ ਜਜ਼ਬਾ ਦੇਖਣ ਨੂੰ ਮਿਲ ਰਿਹਾ ਹੈ। ਉੱਧਰ, ਲੰਘੀ ਰਾਤ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਰਾਤ ਭਰ ਜਹਾਜ਼ਾਂ ਦੀ ਆਵਾਜ਼ ਗੂੰਜਦੀ ਸੁਣੀ। ਕੌਮਾਂਤਰੀ ਸਰਹੱਦ ਨਾਲ ਲਗਦੇ ਪਿੰਡ ਘਣੀਆਂ-ਕੇ ਬੇਟ, ਰੱਤੜ-ਛੱਤਰ, ਖੋਦੇ ਬੇਟ, ਧਰਮਕੋਟ, ਬੋਹੜ ਵਡਾਲਾ, ਧਰਮਾਬਾਦ ਸਣੇ ਹੋਰ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਸਰਹੱਦ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਇਹ ਤਣਾਅਪੂਰਨ ਮਾਹੌਲ ਪਹਿਲੀ ਵਾਰੀ ਦੇਖਣ ਨੂੰ ਨਹੀਂ ਮਿਲਿਆ ਹੈ, ਸਗੋਂ ਇਸ ਤੋਂ ਪਹਿਲਾਂ 1965, 1971, ਕਾਰਗਿਲ ਜੰਗ, ਉੜੀ ਤੇ ਪੁਲਵਾਮਾ ਹਮਲਿਆਂ ਦੌਰਾਨ ਵੀ ਅਜਿਹੇ ਦਿਨ ਦੇਖਣ ਨੂੰ ਮਿਲੇ ਸਨ। ਇਸ ਦੇ ਬਾਵਜੂਦ ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਦੇਸ਼ ਦੀ ਫੌਜ ਨੂੰ ਹਰੇਕ ਤਰ੍ਹਾਂ ਦਾ ਸਹਿਯੋਗ ਦਿੱਤਾ ਸੀ। ਪਿੰਡ ਘਣੀਆਂ ਕੇ ਬੇਟ ਦੇ ਸਰਪੰਚ ਸਰਬਜੀਤ ਸਿੰਘ ਨੇ ਦੱਸਿਆ ਕਿ ਰਾਵੀ ਪਾਰ ਪਿੰਡ ਘਣੀਆਂ ਕੇ ਬੇਟ ਦੇ ਲੋਕ ਸ਼ਾਮ ਪੈਣ ’ਤੇ ਸੁਰੱਖਿਅਤ ਥਾਵਾਂ ’ਤੇ ਆ ਜਾਂਦੇ ਹਨ ਜਦੋਂ ਕਿ ਦਿਨ ਚੜ੍ਹਨ ’ਤੇ ਫਿਰ ਉਸ ਪਿੰਡ ’ਚ ਕਾਰੋਬਾਰ ਕਰਨ ਲਈ ਚਲੇ ਜਾਂਦੇ ਹਨ। ਉਨ੍ਹਾਂ ਆਖਿਆ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ। ਪਿੰਡ ਰੱਤੜ ਛੱਤਰ ਦੇ ਇੱਕ ਬਜ਼ੁਰਗ ਕਰਨੈਲ ਸਿੰਘ ਨੇ ਦੱਸਿਆ ਕਿ ਦੋਵਾਂ ਦੇਸ਼ਾਂ ਵਿਚਾਲੇ ਸ਼ਾਂਤੀ ਚਾਹੀਦੀ ਹੈ ਕਿਉਂਕਿ ਸਰਹੱਦ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਵੱਡੀ ਮੁਸੀਬਤ ਵਿੱਚੋਂ ਲੰਘਣਾ ਪੈਂਦਾ ਹੈ। ਜੰਗ ਦੌਰਾਨ ਘਰ ਛੱਡਣੇ ਸੌਖੇ ਨਹੀਂ ਹੁੰਦੇ। ਛੋਟੇ ਬੱਚਿਆਂ ਤੇ ਔਰਤਾਂ ਤੋਂ ਇਲਾਵਾ ਪਸ਼ੂਆਂ ਨੂੰ ਵੀ ਸੁਰੱਖਿਅਤ ਥਾਵਾਂ ’ਤੇ ਲਿਜਾਣਾ ਪੈਂਦਾ ਹੈ। ਉਨ੍ਹਾਂ ਪਿੰਡ ਵਿੱਚ ਬਣੀ ਕਰੀਬ ਪੰਜ ਮੰਜ਼ਿਲਾ ਮਜ਼ਾਰ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ 1971 ਦੀ ਜੰਗ ਦੌਰਾਨ ਪਾਕਿਸਤਾਨੀ ਫੌਜ ਵੱਲੋਂ ਦਾਗੇ ਗਏ ਗੋਲਿਆਂ ਦੇ ਨਿਸ਼ਾਨ ਅੱਜ ਵੀ ਇਸ ਇਮਾਰਤ ’ਤੇ ਦੇਖੇ ਜਾ ਸਕਦੇ ਹਨ। ਧਰਮਕੋਟ ਦੇ ਨੌਜਵਾਨ ਆਗੂ ਪਰਵਿੰਦਰ ਸਿੰਘ ਨੇ ਦੱਸਿਆ ਕਿ ਸਰਹੱਦੀ ਖੇਤਰ ਦੇ ਲੋਕਾਂ ਨੂੰ ਆਏ ਦਿਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਦੇ ਬਾਰਿਸ਼ਾਂ ਦੌਰਾਨ ਰਾਵੀ ਵਿੱਚ ਹੜ੍ਹ ਵਰਗੀ ਸਥਿਤੀ ਬਣਨਾ ਅਤੇ ਕਦੇ ਜੰਗ ਵਰਗੇ ਹਾਲਾਤ ਬਣਨਾ। ਉਨ੍ਹਾਂ ਮਜ਼ਾਹੀਆ ਲਹਿਜ਼ੇ ਵਿੱਚ ਆਖਿਆ ਕਿ ਹੁਣ ਤਾਂ ਕੌਮਾਂਤਰੀ ਸਰਹੱਦ ਨੇੜਲੇ ਪਿੰਡਾਂ ਦੇ ਲੋਕ ਇਨ੍ਹਾਂ ਹਾਲਾਤ ਨਾਲ ਘੁਲ-ਮਿਲ ਗਏ ਹਨ।
ਫੌਜ ਨੂੰ ਹਰੇਕ ਸੰਭਵ ਸਹਿਯੋਗ ਦੇਣ ਲਈ ਤਿਆਰ ਨੇ ਨੌਜਵਾਨ
ਪਿੰਡ ਬੋਹੜ ਵਡਾਲਾ ਦੇ ਲੋਕਾਂ ਨੇ ਦੱਸਿਆ ਕਿ ਲੰਘੀ ਰਾਤ ਜਹਾਜ਼ਾਂ ਦੀ ਗੜਗੜਾਹਟ ਨੇ ਸੌਂਣ ਨਹੀਂ ਦਿੱਤਾ। ਪਿੰਡ ਦੇ ਸਰਪੰਚ ਗੁਰਦੀਪ ਸਿੰਘ ਨੇ ਦੱਸਿਆ ਕਿ ਬੀਐੱਸਐੱਫ ਵੱਲੋਂ ਜਿੱਥੇੇ ਭਰਪੂਰ ਸਹਿਯੋਗ ਮਿਲ ਰਿਹਾ ਹੈ, ਉੱਥੇ ਹੀ ਨੌਜਵਾਨ ਵਰਗ ਭਾਰਤੀ ਫੌਜ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਹੈ। ਉਨ੍ਹਾਂ ਦੱਸਿਆ ਕਿ ਕਾਰਗਿਲ ਜੰਗ ਦੌਰਾਨ ਤਾਂ ਪਿੰਡ ਦੇ ਨੌਜਵਾਨਾਂ ਨੇ ਫੌਜ ਨਾਲ ਮੋਰਚੇ ਪੁਟਵਾਏ ਸਨ। ਇਨ੍ਹਾਂ ਪਿੰਡਾਂ ਦੇ ਲੋਕ ਹੁਣ ਵੀ ਅਜਿਹੇ ਸਹਿਯੋਗ ਲਈ ਤਿਆਰ ਬੈਠੇ ਹਨ।