ਸਰਕਾਰ ਵੱਲੋਂ ਖੇਤੀ ਖੇਤਰ ਦੀ ਸੁਰੱਖਿਆ ਲਈ ਅਮਰੀਕਾ ਨਾਲ ਮਜ਼ਬੂਤ ਸਮਝੌਤੇ ਦੇ ਸੰਕੇਤ
ਆਦਿਤੀ ਟੰਡਨ
ਨਵੀਂ ਦਿੱਲੀ, 5 ਅਪਰੈਲ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ 2 ਅਪਰੈਲ ਨੂੰ ਐਲਾਨੇ 27 ਫ਼ੀਸਦ ਜਵਾਬੀ ਟੈਕਸ ਦੇ ਮੱਦੇਨਜ਼ਰ ਭਾਰਤ ਵੱਲੋਂ ਘਰੇਲੂ ਖੇਤੀ ਖੇਤਰ ਦੀ ਰਾਖੀ ਲਈ ਮਜ਼ਬੂਤ ਸਮਝੌਤਾ ਕਰਨ ਦੇ ਸੰਕੇਤ ਮਿਲੇ ਹਨ। ਭਾਰਤ ’ਤੇ ਖੇਤੀ ਸੈਕਟਰ ਖੋਲ੍ਹਣ ਲਈ ਦਬਾਅ ਪਾਉਣ ਦੀ ਅਮਰੀਕਾ ਦੀ ਮੰਗ ਸਮੇਤ ਹੋਰ ਚਿੰਤਾਵਾਂ ’ਤੇ ਪ੍ਰਤੀਕਿਰਿਆ ਦਿੰਦਿਆਂ ਅਧਿਕਾਰਤ ਸੂਤਰਾਂ ਨੇ ਦੱਸਿਆ, ‘ਅਸੀਂ ਨਿਰਪੱਖ, ਬਰਾਬਰੀ ਤੇ ਤਵਾਜ਼ਨ ਵਾਲੇ ਸਮਝੌਤੇ ਲਈ ਕੰਮ ਕਰ ਰਹੇ ਹਾਂ।’
ਭਾਰਤ, ਜੋ ਖੇਤੀ ਖੇਤਰ ਨੂੰ ਸੰਵੇਦਨਸ਼ੀਲ ਮੰਨਦਾ ਹੈ, ਨੇ ਸਥਾਨਕ ਖੇਤੀ ਖੇਤਰ ਨੂੰ ਬਚਾਉਣ ਲਈ ਖੇਤੀ ਦਰਾਮਦ ’ਤੇ ਜ਼ੀਰੋ ਤੋਂ 150 ਫ਼ੀਸਦ ਤੱਕ ਟੈਰਿਫ ਦੀ ਨੀਤੀ ਅਪਣਾਈ ਹੋਈ ਹੈ। ਖੇਤੀ ਸੈਕਟਰ ਦੇਸ਼ ਦੇ 70 ਕਰੋੜ ਤੋਂ ਵੱਧ ਲੋਕਾਂ ਅਤੇ ਸੰਪੂਰਨ ਦਿਹਾਤੀ ਅਰਥਚਾਰੇ ਨੂੰ ਸਹਾਰਾ ਦਿੰਦਾ ਹੈ। ਇਹ ਪੁੱਛੇ ਜਾਣ ’ਤੇ ਕਿ ਦੁਵੱਲੇ ਵਪਾਰ ਸਮਝੌਤੇ ’ਤੇ ਚਰਚਾ ਦੌਰਾਨ ਭਾਰਤ ਦੇ ਕੁਝ ਉਤਪਾਦਾਂ ਬਾਰੇ ਗੱਲਬਾਤ ਹੋਵੇਗੀ ਤਾਂ ਉਨ੍ਹਾਂ ਕਿਹਾ ਕਿ ਉਹ ਨਿਰਪੱਖ ਤੇ ਸਨਮਾਨ ਵਾਲੇ ਸੌਦੇ ਬਾਰੇ ਗੱਲ ਕਰਨਗੇ। ਅਮਰੀਕੀ ਵਣਜ ਸਕੱਤਰ ਹਾਵਰਡ ਲੁਟਨਿਕ ਵੱਲੋਂ ਪਿੱਛੇ ਜਿਹੇ ਕੀਤੀ ਗਈ ਟਿੱਪਣੀ ਮਗਰੋਂ ਭਾਰਤ ’ਚ ਖੇਤੀ ਸੈਕਟਰ ਨੂੰ ਲੈ ਕੇ ਚਿੰਤਾ ਵੱਧ ਗਈ ਹੈ ਕਿਉਂਕਿ ਭਾਰਤ ਨੂੰ ਅਮਰੀਕਾ ਇੱਕ ਉਭਰਦੇ ਖੇਤੀ ਬਾਜ਼ਾਰ ਵਜੋਂ ਦੇਖਦਾ ਹੈ। ਲੁਟਨਿਕ ਨੇ ਸਵਾਲ ਕੀਤਾ ਸੀ ਕਿ ਭਾਰਤ ਅਮਰੀਕਾ ਤੋਂ ਮੱਕੀ ਕਿਉਂ ਨਹੀਂ ਖਰੀਦੇਗਾ? ਦੂਜੇ ਪਾਸੇ ਮੁਕਤ ਵਪਾਰ ਸਮਝੌਤਾ ਵਾਰਤਾਵਾਂ ’ਚ ਵੀ ਭਾਰਤ ਡੇਅਰੀ ਤੇ ਪੋਲਟਰੀ ਸਮੇਤ ਭਾਰੀ ਸਬਸਿਡੀ ਵਾਲੇ ਖੁਰਾਕ ਉਤਪਾਦਾਂ ਦੀ ਦਰਾਮਦ ਪ੍ਰਤੀ ਚੌਕਸ ਰਿਹਾ ਹੈ।
ਅਮਰੀਕਾ ਦੇ ਬਰਾਬਰ ਭਾਈਵਾਲ ਵਜੋਂ ਕੰਮ ਕਰੇ ਭਾਰਤ: ਸ਼ਰਮਾ
ਸਾਬਕਾ ਵਣਜ ਮੰਤਰੀ ਆਨੰਦ ਸ਼ਰਮਾ ਨੇ ਵੀ ਅੱਜ ਇਸ ਮੋਰਚੇ ’ਤੇ ਭਾਰਤ ਸਰਕਾਰ ਨੂੰ ਚੌਕਸ ਕੀਤਾ ਅਤੇ ਕਿਹਾ ਕਿ ਸਰਕਾਰ ਨੂੰ ਅਮਰੀਕਾ ਨਾਲ ਬਰਾਬਰ ਭਾਈਵਾਲ ਵਜੋਂ ਕੰਮ ਕਰਨਾ ਚਾਹੀਦਾ ਹੈ ਅਤੇ ਇੱਕ ਸਨਮਾਨਿਤ ਤੇ ਤਵਾਜ਼ਨ ਵਾਲੇ ਸਮਝੌਤੇ ਦੀ ਮੰਗ ਕਰਨੀ ਚਾਹੀਦੀ ਹੈ। ਸ਼ਰਮਾ ਨੇ ਕਿਹਾ, ‘ਇਸ ਸਮਝੌਤੇ ’ਤੇ ਭਾਰਤ ਦੇ ਹਿੱਤ ਤੇ ਖਾਸ ਕਰਕੇ ਖੇਤੀਬਾੜੀ ਭਾਈਚਾਰੇ, ਡੇਅਰੀ ਤੇ ਪੋਲਟਰੀ ਸੈਕਟਰ ਦੇ ਹਿੱਤ ਨਿਰਭਰ ਕਰਦੇ ਹਨ।’
Advertisement