Tahawwur Rana case: ਐਡਵੋਕੇਟ ਨਰੇਂਦਰ ਮਾਨ ਤਿੰਨ ਸਾਲਾਂ ਲਈ ਵਿਸ਼ੇਸ਼ ਸਰਕਾਰੀ ਵਕੀਲ ਨਿਯੁਕਤ
ਨਵੀਂ ਦਿੱਲੀ, 10 ਅਪਰੈਲ
ਕੇਂਦਰ ਸਰਕਾਰ ਨੇ 26/11 ਮੁੰਬਈ ਦਹਿਸ਼ਤੀ ਹਮਲੇ ਦੇ ਮੁਲਜ਼ਮ ਤਹੱਵੁਰ ਹੁਸੈਨ ਰਾਣਾ ਨਾਲ ਸਬੰਧਤ ਮਾਮਲੇ ਵਿੱਚ ਸੁਣਵਾਈ ਲਈ ਇੱਕ ਵਿਸ਼ੇਸ਼ ਸਰਕਾਰੀ ਵਕੀਲ ਨਿਯੁਕਤ ਕੀਤਾ ਹੈ।
ਰਾਣਾ, ਜਿਸ ਨੂੰ ਅਮਰੀਕਾ ਤੋਂ ਭਾਰਤ ਲਿਆਂਦਾ ਜਾ ਰਿਹਾ ਹੈ, ਦੇ ਵੀਰਵਾਰ ਨੂੰ ਇੱਥੇ ਪਹੁੰਚਣ ਦੀ ਉਮੀਦ ਹੈ।
ਦੇਰ ਰਾਤ ਜਾਰੀ ਨੋਟੀਫਿਕੇਸ਼ਨ ਵਿਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਐਡਵੋਕੇਟ ਨਰੇਂਦਰ ਮਾਨ ਮਾਮਲੇ ਦੀ ਸੁਣਵਾਈ ਤੇ ਕੌਮੀ ਜਾਂਚ ਏਜੰਸੀ ਕੇਸ RC-04/2009/NIA/DLI (ਮੁੰਬਈ ਹਮਲੇ) ਵਿਚ ਤਿੰਨ ਸਾਲਾਂ ਲਈ ਵਿਸ਼ੇਸ਼ ਸਰਕਾਰੀ ਵਕੀਲ ਹੋਣਗੇ।
ਨੋਟੀਫਿਕੇਸ਼ਨ ਵਿਚ ਕਿਹਾ ਗਿਆ ਕਿ ਇਹ ਨਿਯੁਕਤੀ ਨੋਟੀਫਿਕੇਸ਼ਨ ਦੇ ਪ੍ਰਕਾਸ਼ਨ ਦੀ ਮਿਤੀ ਤੋਂ ਤਿੰਨ ਸਾਲਾਂ ਦੀ ਮਿਆਦ ਲਈ ਜਾਂ ਉਕਤ ਕੇਸ ਦੀ ਸੁਣਵਾਈ ਪੂਰੀ ਹੋਣ ਤੱਕ, ਜੋ ਵੀ ਪਹਿਲਾਂ ਹੋਵੇ, ਤੱਕ ਹੋਵੇਗੀ।
ਇਸ ਕੇਸ ਤੋਂ ਪਹਿਲਾਂ, ਮਾਨ ਨੇ ਕਈ ਮਾਮਲਿਆਂ ਵਿੱਚ ਸਰਕਾਰੀ ਵਕੀਲ ਵਜੋਂ ਵਕਾਲਤ ਕੀਤੀ ਹੈ। ਅਧਿਕਾਰਤ ਸੂਤਰਾਂ ਅਨੁਸਾਰ, ਮਾਨ ਨੇ 2018 ਵਿੱਚ ਸਟਾਫ ਸਿਲੈਕਸ਼ਨ ਕਮਿਸ਼ਨ (SSC) ਪੇਪਰ ਲੀਕ ਮਾਮਲੇ ਵਿੱਚ ਬਹਿਸ ਕੀਤੀ ਸੀ।
ਉਨ੍ਹਾਂ ਦੇ ਟਰੈਕ ਰਿਕਾਰਡ ਨੂੰ ਧਿਆਨ ਵਿੱਚ ਰੱਖਦੇ ਹੋਏ, ਕੇਂਦਰ ਨੇ ਉਨ੍ਹਾਂ ਨੂੰ ਇਸ ਹਾਈ ਪ੍ਰੋਫਾਈਲ ਮਾਮਲੇ ਵਿੱਚ ਸਰਕਾਰੀ ਵਕੀਲ ਵਜੋਂ ਨਿਯੁਕਤ ਕੀਤਾ ਹੈ। -ਪੀਟੀਆਈ