ਜੰਮੂ-ਕਸ਼ਮੀਰ: ਜੰਗਬੰਦੀ ਦੇ ਬਾਵਜੂਦ ਕਈ ਥਾਈਂ ਦਿਖੇ ਡਰੋਨ, ਉਮਰ ਅਬਦੁੱਲਾ ਨੇ ਸਾਂਝੀ ਕੀਤੀ ਵੀਡੀਓ
ਸ੍ਰੀਨਗਰ, 10 ਮਈ
ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਏ ਜੰਗਬੰਦੀ ਦੇ ਸਮਝੌਤੇ ਦੀ ਪਾਕਿਸਤਾਨ ਵੱਲੋਂ ਉਲੰਘਣਾ ਕਰਦੇ ਹੋਏ ਕੁੱਝ ਹੀ ਘੰਟਿਆਂ ਬਾਅਦ ਸ਼ਨਿਚਰਵਾਰ ਰਾਤ ਨੂੰ ਜੰਮੂ-ਕਸ਼ਮੀਰ ਵਿਚ ਕਈ ਥਾਵਾਂ ’ਤੇ ਡਰੋਨ ਉਡਾਣ ਭਰਦੇ ਦੇਖੇ ਗਏ। ਹਾਲਾਂਕਿ ਹਥਿਆਰਬੰਦ ਬਲਾਂ ਨੇ ਫ਼ੌਰੀ ਕਾਰਵਾਈ ਕੀਤੀ ਅਤੇ ਉਨ੍ਹਾਂ ਨੂੰ ਹਵਾਈ ਰੱਖਿਆ ਪ੍ਰਣਾਲੀ ਨਾਲ ਡੇਗ ਦਿੱਤਾ। ਅਧਿਕਾਰੀਆਂ ਨੇ ਕਿਹਾ ਕਿ ਧਮਾਕਿਆਂ ਦੀ ਇਕ ਲੜੀ ਸਾਹਮਣੇ ਆਈ ਜਦੋਂ ਸ਼ਹਿਰ ਦੇ ਬਟਵਾੜਾ ਖੇਤਰ ਵਿਚ ਇਕ ਫੌਜੀ ਟਿਕਾਣੇ ਦੇ ਨੇੜੇ ਘੁੰਮਦਾ ਡਰੋਨ ਸੁਰੱਖਿਆ ਏਜੰਸੀਆਂ ਨੇ ਡੇਗ ਦਿੱਤਾ।
ਇਹ ਘਟਨਾ ਜੰਗਬੰਦੀ ਦੇ ਐਲਾਨ ਤੋਂ ਕੁੱਝ ਘੰਟਿਆਂ ਬਾਅਦ ਹੀ ਸਾਹਮਣੇ ਆਈ ਹੈ। ਕੇਂਦਰ ਸਰਕਾਰ ਦੇ ਸੂਤਰਾਂ ਨੇ ਸ਼ਨਿਚਰਵਾਰ ਰਾਤ ਨੂੰ ਕਿਹਾ ਕਿ ਪਾਕਿਸਤਾਨ ਨੇ ਅੱਜ ਦੁਪਹਿਰੇ ਜ਼ਮੀਨ, ਹਵਾ ਅਤੇ ਸਮੁੰਦਰ 'ਤੇ ਸਾਰੀਆਂ ਗੋਲੀਬਾਰੀ ਅਤੇ ਹੋਰ ਫੌਜੀ ਕਾਰਵਾਈਆਂ ਨੂੰ ਤੁਰੰਤ ਬੰਦ ਕਰਨ ਲਈ ਹੋਏ ਦੁਵੱਲੇ ਸਮਝੌਤੇ ਦੀ ਉਲੰਘਣਾ ਕੀਤੀ ਹੈ। ਮੁੱਖ ਮੰਤਰੀ ਉਮਰ ਅਬਦੁੱਲਾ ਨੇ ਜੰਗਬੰਦੀ ਦੇ ਐਲਾਨ ’ਤੇ ਸਵਾਲ ਚੁੱਕੇ।
ਜ਼ਿਕਰਯੋਗ ਹੈ ਕਿ ਸ਼ਹਿਰ ਵਿਚ ਸੂਰਜ ਡੁੱਬਣ ਤੋਂ ਬਾਅਦ ਸ਼ਹਿਰ ਨੂੰ ਧਮਾਕਿਆਂ ਦੀ ਇੱਕ ਲੜੀ ਨੇ ਹਿਲਾ ਦਿੱਤਾ। ਇਸ ਦੌਰਾਨ 15 ਮਿੰਟ ਦੇ ਵਕਫ਼ੇ ਤੋਂ ਬਾਅਦ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਅਤੇ ਅਸਮਾਨ ਵਿਚ ਅੱਗ ਦੀਆਂ ਲਪਟਾਂ ਦਿਖਾਈ ਦੇ ਰਹੀਆਂ ਸਨ। ਅਧਿਕਾਰੀਆਂ ਨੇ ਦੱਸਿਆ ਕਿ ਰਾਤ 8.20 ਵਜੇ ਦੇ ਕਰੀਬ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਸ਼ਹਿਰ ਉੱਤੇ ਇਕ ਡਰੋਨ ਉੱਡਦਾ ਹੋਇਆ ਦੇਖਿਆ ਗਿਆ, ਜਿਸਨੂੰ ਡਰੋਨ ਨੂੰ ਐਂਟੀ-ਡਰੋਨ ਸਿਸਟਮ ਦੁਆਰਾ ਨਸ਼ਟ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਅਨੰਤਨਾਗ ਜ਼ਿਲ੍ਹੇ ਦੇ ਵੈਰੀਨਾਗ ਤੇ ਬਾਂਦੀਪੋਰਾ ਅਤੇ ਸਫਾਪੋਰਾ ਤੋਂ ਵੀ ਡਰੋਨ ਦੇਖੇ ਜਾਣ ਦੀ ਰਿਪੋਰਟ ਮਿਲੀ ਹੈ, ਇਸ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਹੈ।
ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ’ਤੇ ਕਿਹਾ, ‘‘ਹੁਣੇ ਜੰਗਬੰਦੀ ਦਾ ਕੀ ਹੋਇਆ? ਸ੍ਰੀਨਗਰ ਭਰ ਵਿਚ ਧਮਾਕੇ ਸੁਣਾਈ ਦਿੱਤੇ ਹਨ!!’’ -ਪੀਟੀਆਈ