ਸਰਕਾਰੀ ਕਾਲਜ ਵਿੱਚ ਮੌਕ ਡਰਿੱਲ ਕਰਵਾਈ
ਫਰਿੰਦਰ ਪਾਲ ਗੁਲਿਆਣੀ
ਨਰਾਇਣਗੜ੍ਹ, 7 ਮਈ
ਸਰਕਾਰੀ ਕਾਲਜ ਨਰਾਇਣਗੜ੍ਹ ਵਿੱਚ ਪ੍ਰਿੰਸੀਪਲ ਡਾ. ਖੁਸ਼ਿਲਾ ਦੀ ਅਗਵਾਈ ਹੇਠ ਅਤੇ ਕਾਰਜਕਾਰੀ ਪ੍ਰਿੰਸੀਪਲ ਡਾ. ਸੰਜੀਵ ਕੁਮਾਰ ਦੀ ਪ੍ਰਧਾਨਗੀ ਹੇਠ, ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਅਨੁਸਾਰ, ਡਾਇਰੈਕਟੋਰੇਟ ਜਨਰਲ-ਫਾਇਰ ਸਰਵਿਸ, ਸਿਵਲ ਡਿਫੈਂਸ ਅਤੇ ਹੋਮ ਗਾਰਡ ਸਿਵਲ ਡਿਫੈਂਸ ਦੇ ਮੱਦੇਨਜ਼ਰ, ਕਾਲਜ ਵਿੱਚ ਸਿਵਲ ਡਿਫੈਂਸ ਮੌਕ ਡਰਿੱਲ ਕੀਤੀ ਗਈ। ਇਸ ਵਿੱਚ ਐੱਨਸੀਸੀ ਅਤੇ ਐੱਨਐੱਸਐੱਸ ਵਾਲੰਟੀਅਰਾਂ ਨੇ ਹਿੱਸਾ ਲਿਆ। ਕਾਲਜ ਦੇ ਵਿਦਿਆਰਥੀਆਂ ਨੂੰ ਮੌਕ ਡਰਿੱਲ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਮੌਕੇ ਐੱਨਸੀਸੀ ਅਫ਼ਸਰ ਡਾ. ਸਤੀਸ਼ ਕੁਮਾਰ ਦੇ ਨਿਰਦੇਸ਼ਾਂ ਹੇਠ ਹੂਟਰ ਵਜਾਇਆ ਅਤੇ ਵਾਲੰਟੀਅਰਾਂ ਨੇ ਹੂਟਰ, ਸਾਇਰਨ ਵਜਾਉਣ ਸਬੰਧੀ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਮੌਕ ਡਰਿੱਲ ਕੀਤੀ ਅਤੇ ਐੱਨਐੱਸਐੱਸ ਪ੍ਰੋਗਰਾਮ ਅਫ਼ਸਰ ਨੇ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਬਾਰੇ ਵਿਸਥਾਰ ਵਿੱਚ ਦੱਸਿਆ। ਨਰੇਸ਼ ਕੁਮਾਰ ਨੇ ਮਹੱਤਵਪੂਰਨ ਜਾਣਕਾਰੀ ਦਿੱਤੀ।
ਇਹ ਜਾਣਿਆ ਜਾਂਦਾ ਹੈ ਕਿ ਭਾਰਤ ਸਰਕਾਰ ਵੱਲੋਂ 7 ਮਈ 2025 ਨੂੰ ਕਰਵਾਏ ਸਿਵਲ ਡਿਫੈਂਸ ਮੌਕ ਡਰਿੱਲ ਦਾ ਉਦੇਸ਼ ਨਾਗਰਿਕਾਂ ਅਤੇ ਪ੍ਰਸ਼ਾਸਨ ਨੂੰ ਯੁੱਧ ਵਰਗੀਆਂ ਐਮਰਜੈਂਸੀ ਲਈ ਤਿਆਰ ਕਰਨਾ ਹੈ। ਇਹ ਅਭਿਆਸ 244 ਜ਼ਿਲ੍ਹਿਆਂ ਵਿੱਚ ਕੀਤਾ ਜਾ ਰਿਹਾ ਹੈ, ਜਿਸ ਵਿੱਚ ਵੱਖ-ਵੱਖ ਸੁਰੱਖਿਆ ਉਪਾਅ ਅਤੇ ਸਿਖਲਾਈ ਸੈਸ਼ਨ ਸ਼ਾਮਲ ਹਨ। ਐੱਨਸੀਸੀ ਅਧਿਕਾਰੀ ਡਾ. ਸਤੀਸ਼ ਕੁਮਾਰ ਨੇ ਵਾਲੰਟੀਅਰਾਂ ਅਤੇ ਕਾਲਜ ਸਟਾਫ਼ ਨੂੰ ਦੱਸਿਆ ਕਿ ਜੰਗ ਵਰਗੀ ਐਮਰਜੈਂਸੀ ਸਥਿਤੀ ਵਿੱਚ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ। ਇਸ ਮੌਕੇ ਐੱਨਐੱਸਐੱਸ ਪ੍ਰੋਗਰਾਮ ਅਫ਼ਸਰ ਪ੍ਰੋ. ਨਰੇਸ਼ ਕੁਮਾਰ, ਪ੍ਰੋ. ਰੇਣੂ ਗੁਪਤਾ ਅਤੇ ਐੱਨਸੀਸੀ ਅਫ਼ਸਰ ਡਾ. ਸਤੀਸ਼ ਕੁਮਾਰ ਦੇ ਨਾਲ ਡਾ. ਸ਼ੁਭਮ, ਪ੍ਰੋ. ਪਿੰਕੀ ਰਾਣੀ ਆਦਿ ਵੀ ਮੌਜੂਦ ਸਨ।
ਪੇਪਰ ਮਿੱਲ ਪਿਹੋਵਾ ਵਿੱਚ ਹੋਈ ਮੌਕ ਡਰਿੱਲ
ਪਿਹੋਵਾ (ਸਤਪਾਲ ਰਾਮਗੜ੍ਹੀਆ): ਐੱਸਡੀਐੱਮ ਕਪਿਲ ਕੁਮਾਰ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਿਹੋਵਾ ਵਿੱਚ ਸੈਂਸ ਪੇਪਰ ਮਿੱਲ ਵਿੱਚ ਮੌਕ ਡਰਿੱਲ ਕੀਤੀ ਗਈ। ਐਮਰਜੈਂਸੀ ਸਥਿਤੀਆਂ ਵਿੱਚ ਜਾਨ-ਮਾਲ ਦੀ ਰੱਖਿਆ ਕਿਵੇਂ ਕਰਨੀ ਹੈ, ਇਸ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਇਸ ਮੌਕੇ ਡੀਐੱਸਪੀ ਨਿਰਮਲ ਸਿੰਘ ਨੇ ਦੱਸਿਆ ਕਿ ਇਹ ਮੌਕ ਡਰਿੱਲ ਪਿਹੋਵਾ ਸਥਿਤ ਸੈਂਸਨ ਪੇਪਰ ਮਿੱਲ ਵਿਖੇ ਸ਼ਾਮ 4 ਵਜੇ ਕੀਤੀ ਗਈ। ਪੁਲੀਸ ਨੇ ਸੋਸ਼ਲ ਮੀਡੀਆ ‘ਤੇ ਨਜ਼ਰ ਰੱਖਣ ਲਈ ਇੱਕ ਨਿਗਰਾਨੀ ਕਮੇਟੀ ਬਣਾਈ ਹੈ। ਇਸ ਮੌਕੇ ਤਹਿਸੀਲਦਾਰ ਵਿਨੀਤੀ, ਨਗਰ ਪਾਲਿਕਾ ਸਕੱਤਰ ਮੋਹਨ ਲਾਲ, ਸਿਹਤ ਵਿਭਾਗ ਤੋਂ ਐਸਐਮਓ ਮਨੀਸ਼ਾ, ਪਟਵਾਰੀ, ਰੈੱਡ ਕਰਾਸ ਕਰਮਚਾਰੀ, ਸਿਹਤ ਵਿਭਾਗ ਐਂਬੂਲੈਂਸ, ਪੁਲੀਸ ਵਿਭਾਗ ਅਤੇ ਹੋਮ ਗਾਰਡ ਕਰਮਚਾਰੀ, ਫਾਇਰ ਬ੍ਰਿਗੇਡ ਕਰਮਚਾਰੀ, ਬਿਜਲੀ ਕਰਮਚਾਰੀ ਅਤੇ ਹੋਰ ਬਚਾਅ ਟੀਮਾਂ ਆਪਣੀਆਂ ਟੀਮਾਂ ਨਾਲ ਪਹੁੰਚੀਆਂ।
ਆਰੀਆ ਕੰਨਿਆ ਕਾਲਜ ਵਿਚ ਮੌਕ ਡਰਿੱਲ ਕਰਵਾਈ
ਸ਼ਾਹਬਾਦ ਮਾਰਕੰਡਾ (ਸਤਨਾਮ ਸਿੰਘ): ਆਰੀਆ ਕੰਨਿਆ ਕਾਲਜ ਦੀ ਐੱਨਸੀਸੀ ਯੂਨਿਟ ਵੱਲੋਂ ਸਿਵਲ ਡਿਫੈਂਸ ਮੌਕ ਡਰਿਲ ਕਰਵਾਈ ਗਈ। ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਨੇ ਵਾਲੰਟੀਅਰਾਂ ਤੇ ਅਧਿਆਪਕਾਂ ਨੂੰ ਕਿਹਾ ਕਿ ਇਸ ਮੌਕ ਡਰਿਲ ਦਾ ਉਦੇਸ਼ ਤੂਹਾਨੂੰ ਸਾਰਿਆਂ ਨੂੰ ਐਮਰਜੈਂਸੀ ਹਾਲਾਤ, ਅਤਿਵਾਦੀ ਹਮਲਿਆਂ ਤੇ ਹਵਾਈ ਹਮਲਿਆਂ ਆਦਿ ਦੀ ਸੁਰੱਖਿਆ ਲਈ ਤਿਆਰ ਕਰਨਾ ਹੈ। ਐੱਨਸੀਸੀ ਅਫਸਰ ਕੈਪਟਨ ਜੋਤੀ ਸ਼ਰਮਾ ਨੇ ਵਿਦਿਆਰਥਣਾਂ ਨੂੰ ਅਪੀਲ ਕੀਤੀ ਕਿ ਜੇ ਭਵਿੱਖ ਵਿਚ ਜੰਗ ਜਾਂ ਮਿਜ਼ਾਈਲ ਹਮਲੇ ਵਰਗੀ ਕੋਈ ਐਮਰਜੈਂਸੀ ਸਥਿਤੀ ਪੈਦਾ ਹੁੰਦੀ ਹੈ ਤਾਂ ਸਾਨੂੰ ਸ਼ਾਂਤੀ ਦਾ ਮਾਹੌਲ ਬਨਾਉਣਾ ਪਵੇਗਾ ਤੇ ਆਪਣੇ ਆਪ ਤੇ ਦੂਜਿਆਂ ਨੂੰ ਸ਼ਾਂਤ ਰੱਖਣਾ ਪਵੇਗਾ। ਇਸ ਮੌਕੇ ਕਾਲਜ ਦੀਆਂ 60 ਵਿਦਿਆਰਥਣਾਂ ਦੇ ਨਾਲ ਨਾਲ ਅੰਗਰੇਜੀ ਵਿਭਾਗ ਦੀ ਮੁਖੀ ਡਾ. ਕਵਿਤਾ ਮਹਿਤਾ, ਹਿੰਦੀ ਵਿਭਾਗ ਦੀ ਮੁਖੀ ਡਾ. ਭਾਰਤੀ ਸ਼ਰਮਾ, ਪੰਜਾਬੀ ਵਿਭਾਗ ਦੀ ਮੁਖੀ ਡਾ. ਸਿਮਰਜੀਤ ਕੌਰ ਕਾਮਰਸ ਵਿਭਾਗ ਦੀ ਲੈਕਚਰਾਰ ਡਾ. ਰੋਜੀ, ਰਜਨੀ, ਰਾਜਨੀਤੀ ਸ਼ਾਸ਼ਤਰ ਵਿਭਾਗ ਦੀ ਲੈਕਚਰਾਰ ਪੂਜਾ, ਐੱਨਸੀਸੀ ਕਲਰਕ ਰੋਸ਼ਨ ਤੇ ਸਹਾਇਕ ਸਰਸਵਤੀ ਮੌਜੂਦ ਸੀ।