ਵਾਈਸ ਚਾਂਸਲਰ ਵੱਲੋਂ ਤਿਰੰਗਾ ਯਾਤਰਾ ਰਵਾਨਾ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 15 ਮਈ
ਅਪਰੇਸ਼ਨ ਸਿੰਧੂਰ ਭਾਰਤੀ ਫੌਜ ਦੀ ਬਹਾਦਰੀ ,ਹਿੰਮਤ ਤੇ ਸਮਰਪਣ ਦੇ ਜਿੱਤ ਦੀ ਗਾਥਾ ਹੈ। ਇਸ ਦੌਰਾਨ ਨਾ ਸਿਰਫ਼ ਅਤਿਵਾਦ ’ਤੇ ਸਖਤ ਹਮਲਾ ਕੀਤਾ ਸਗੋਂ ਦੁਨੀਆਂ ਨੂੰ ਅਤਿਵਾਦ ਵਿਰੁੱਧ ਇਕ ਸਖ਼ਤ ਸੰਦੇਸ਼ ਵੀ ਦਿੱਤਾ ਗਿਆ। ਭਾਰਤ ਨੇ ਦੁਨੀਆਂ ਨੂੰ ਦੱਸਿਆ ਕਿ ਅਤਿਵਾਦ ਖ਼ਿਲਾਫ਼ ਕਿਤੇ ਵੀ ਕਦੇ ਵੀ ਕਾਰਵਾਈ ਕੀਤੀ ਜਾਏਗੀ। ਇਹ ਵਿਚਾਰ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੋਮ ਨਾਥ ਸੱਚਦੇਵਾ ਨੇ ਡੀਨ ਆਫ ਸਟੂਡੈਂਟਸ ਵੈਲਫੇਅਰ ਵਿਭਾਗ ਵੱਲੋਂ ਨੇਸ਼ਨ ਫਸਟ ਦੇ ਸਮਰਥਨ ਵਿੱਚ ਮੁਹਿੰਮ ਦੇ ਹਿੱਸੇ ਵਜੋਂ ਅਤਿਵਾਦ ’ਤੇ ਭਾਰਤ ਦੀ ਜਿੱਤ ਦੀ ਯਾਦ ਵਿੱਚ ਤਿਰੰਗਾ ਯਾਤਰਾ ਨੂੰ ਹਰੀ ਝੰਡੀ ਦਿਖਾਉਂਦਿਆਂ ਪ੍ਰਗਟ ਕੀਤੇ। ਇਹ ਵਿਜੈ ਯਾਤਰਾ ਵਾਈਸ ਚਾਂਸਲਰ ਦੇ ਦਫਤਰ ਦੇ ਮੈਦਾਨ ਤੋਂ ‘ਭਾਰਤ ਮਾਤਾ ਕੀ ਜੈ’, ‘ਵੰਦੇ ਮਾਤਰਮ’ ਵਰਗੇ ਨਾਅਰਿਆਂ ਨਾਲ ਸ਼ੁਰੂ ਹੋਈ ਤੇ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਤੋਂ ਲੰਘੀ । ਇਸ ਵਿਚ ਅਧਿਆਪਕਾਂ, ਕਰਮਚਾਰੀਆਂ ਤੇ ਵਿਦਿਆਰਥੀਆਂ ਨੇ ਹਿੱਸਾ ਲਿਆ। ਸਚਦੇਵਾ ਨੇ ਕਿਹਾ ਕਿ ਅਪਰੇਸ਼ਨ ਸਿੰਧੂਰ ਦੀ ਇਤਿਹਾਸਕ ਸਫਲਤਾ ਨੇ ਭਾਰਤ ਦੇ ਰਾਸ਼ਟਰੀ ਸੰਕਲਪ, ਫੌਜੀਆਂ ਦੀ ਬਹਾਦਰੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੀਡਰਸ਼ਿਪ ਦੀ ਦ੍ਰਿੜਤਾ ਨੂੰ ਵਿਸ਼ਵ ਪੱਧਰ ’ਤੇ ਸਥਾਪਿਤ ਕੀਤਾ ਹੈ। ਇਹ ਯਾਤਰਾ ਉਨ੍ਹਾਂ ਬਹਾਦਰ ਫੌਜੀਆਂ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਦੁਸ਼ਮਣ ਨੂੰ ਉਸ ਦੀ ਭਾਸ਼ਾ ਵਿੱਚ ਹੀ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਇਹ ਯਾਤਰਾ ਦੇਸ਼ ਵਾਸੀਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਜਗਾਏਗੀ। ਇਸ ਮੌਕੇ ਰਜਿਸਟਰਾਰ ਡਾ. ਵਰਿੰਦਰ ਪਾਲ, ਦਿਨੇਸ਼ ਕੁਮਾਰ, ਬ੍ਰਿਜੇਸ਼ ਸਾਹਨੀ, ਪ੍ਰੋ. ਏਆਰ ਚੌਧਰੀ ਤੋਂ ਇਲਾਵਾ ਅਧਿਆਪਕ, ਵਿਦਿਆਰਥੀ ਤੇ ਕਰਮਚਾਰੀ ਮੌਜੂਦ ਸਨ।