ਸਮਾਂ ਆਉਣ ’ਤੇ ਸਰਕਾਰ ਦੇ ਜ਼ੁਲਮਾਂ ਦਾ ਜਵਾਬ ਦੇਣਗੇ ਲੋਕ: ਉਗਰਾਹਾਂ
ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 26 ਮਾਰਚ
ਸਰਕਾਰ ਵੱਲੋਂ ਜਬਰੀ ਕਿਸਾਨਾਂ ਨੂੰ ਉਠਾਏ ਜਾਣ ਤੋਂ ਬਾਅਦ ਪਹਿਲੀ ਵਾਰ ਬੋਲਦਿਆਂ ਬੀਕੇਯੂ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਲੋਕ ਸਰਕਾਰਾਂ ਦੇ ਜ਼ੁਲਮਾਂ ਨੂੰ ਬਰਦਾਸ਼ਤ ਕਰ ਲੈਂਦੇ ਹਨ ਪਰ ਸਮਾਂ ਆਉਣ ’ਤੇ ਜਵਾਬ ਵੀ ਦਿੰਦੇ ਹਨ। ਪੰਜਾਬ ਦੇ ਲੋਕ ਸਰਕਾਰਾਂ ਦੇ ਜ਼ੁਲਮਾਂ ਦਾ ਜਵਾਬ ਦੇਣਗੇ ਅਤੇ ਹਿਸਾਬ ਵੀ ਲੈਣਗੇ। ਸਰਕਾਰਾਂ ਨੂੰ ਤਿਆਰ ਰਹਿਣਾ ਚਾਹੀਦਾ ਹੈ। ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸੱਤਾ ’ਚ ਆਉਣ ਤੋਂ ਪਹਿਲਾਂ ਸਿਆਸੀ ਆਗੂ ਧਰਨੇ-ਮੁਜ਼ਾਹਰੇ ਨੂੰ ਲੋਕਤੰਤਰੀ ਹੱਕ ਦੱਸਦੇ ਹਨ ਪਰ ਸੱਤਾ ਹਾਸਲ ਹੁੰਦਿਆਂ ਉਹ ਬਦਲ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚੋਂ ਸਰਕਾਰ ਚਲਾਉਣ ਦਾ ਦਾਅਵਾ ਕਰਨ ਵਾਲੇ ਦੱਸਣ ਕਿ ਹੁਣ ਸਰਕਾਰ ਦਿੱਲੀ ਤੋਂ ਕਿਉਂ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਅਮਰੀਕਾ ਦੇ ਦਬਾਅ ਹੇਠ ਕੰਮ ਕਰਦੀ ਹੈ। ਅਜਿਹੀ ਸਥਿਤੀ ਵਿੱਚ ਖੇਤਰੀ ਪਾਰਟੀਆਂ ਦੀ ਵੱਡੀ ਲੋੜ ਹੈ ਤੇ ਪੰਜਾਬ ਨੂੰ ਮਜ਼ਬੂਤ ਖੇਤਰੀ ਪਾਰਟੀਆਂ ਦੀ ਲੋੜ ਹੈ।