ਸਪੀਕਰ ਵੱਲੋਂ ਨਗਰ ਨਿਗਮ ਲਈ 14 ਵਿਧਾਇਕ ਨਾਮਜ਼ਦ
ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਮਾਰਚ
ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੇ 2025-26 ਲਈ ਦਿੱਲੀ ਨਗਰ ਨਿਗਮ ਲਈ 14 ਵਿਧਾਇਕਾਂ ਨੂੰ ਨਾਮਜ਼ਦ ਕੀਤਾ ਹੈ। ਇਹ ਨਾਮਜ਼ਦਗੀਆਂ ਮਿਉਂਸਿਪਲ ਕਾਰਪੋਰੇਸ਼ਨ ਐਕਟ, (ਸੈਕਸ਼ਨ 33) 1957 ਅਨੁਸਾਰ ਕੀਤੀਆਂ ਗਈਆਂ ਹਨ। ਇੱਕ ਰੀਲੀਜ਼ ਦੇ ਅਨੁਸਾਰ ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੇ ਵਿੱਤੀ ਸਾਲ 2025-2026 ਲਈ ਦਿੱਲੀ ਨਗਰ ਨਿਗਮ (ਐੱਮਸੀਡੀ) ਵਿੱਚ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਦੀ ਨੁਮਾਇੰਦਗੀ ਕਰਨ ਲਈ ਵਿਧਾਨ ਸਭਾ ਦੇ 14 ਮੈਂਬਰਾਂ (ਵਿਧਾਇਕਾਂ) ਨੂੰ ਨਾਮਜ਼ਦ ਕੀਤਾ ਹੈ। ਨਾਮਜ਼ਦਗੀਆਂ ’ਤੇ ਬੋਲਦੇ ਹੋਏ, ਵਿਜੇਂਦਰ ਗੁਪਤਾ ਨੇ ਕਿਹਾ ਕਿ ਨਿਯੁਕਤ ਕੀਤੇ ਗਏ ਵਿਧਾਇਕ ਬਜਟ ਬਣਾਉਣ, ਨਾਗਰਿਕ ਪ੍ਰਸ਼ਾਸਨ ਅਤੇ ਸ਼ਹਿਰੀ ਸਾਸ਼ਨ ਵਿੱਚ ਐੱਮਸੀਡੀ ਦੀ ਸਹਾਇਤਾ ਕਰਨਗੇ। ਦਿੱਲੀ ਵਾਸੀਆਂ ਲਈ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਲਈ ਸਵੱਛਤਾ, ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਹੋਰ ਮਿਉਂਸਿਪਲ ਚੁਣੌਤੀਆਂ ਨੂੰ ਹੱਲ ਕਰਨ ਵਿੱਚ ਉਨ੍ਹਾਂ ਦੀ ਭੂਮਿਕਾ ਮਹੱਤਵਪੂਰਨ ਹੋਵੇਗੀ। ਨਾਮਜ਼ਦ ਕੀਤੇ ਗਏ ਵਿਧਾਇਕਾਂ ਵਿੱਚ ਅਨਿਲ ਕੁਮਾਰ ਸ਼ਰਮਾ (ਹਲਕਾ ਆਰਕੇ ਪੁਰਮ), ਚੰਦਨ ਕੁਮਾਰ ਚੌਧਰੀ (ਹਲਕਾ ਸੰਗਮ ਵਿਹਾਰ), ਜਿਤੇਂਦਰ ਮਹਾਜਨ (ਹਲਕਾ ਰੋਹਤਾਸ ਨਗਰ), ਕਰਨੈਲ ਸਿੰਘ (ਹਲਕਾ ਸ਼ਕੂਰ ਬਸਤੀ), ਮਨੋਜ ਕੁਮਾਰ ਸ਼ੌਕੀਨ (ਹਲਕਾ ਨਾਂਗਲੋਈ) ਪਰਦੁੰਮਣ ਸਿੰਘ ਰਾਜਪੂਤ (ਹਲਕਾ ਦਵਾਰਕਾ), ਪ੍ਰਵੇਸ਼ ਰਤਨ (ਹਲਕਾ ਪਟੇਲ ਨਗਰ), ਰਾਜ ਕੁਮਾਰ ਭਾਟੀਆ (ਹਲਕਾ ਆਦਰਸ਼ ਨਗਰ), ਰਾਮ ਸਿੰਘ ਨੇਤਾਜੀ (ਹਲਕਾ ਬਦਰਪੁਰ), ਰਵੀ ਕਾਂਤ (ਹਲਕਾ ਤ੍ਰਿਲੋਕਪੁਰੀ), ਸੰਜੇ ਗੋਇਲ (ਹਲਕਾ ਰਾਜਪਾਲਪੁਰੀ), ਸੰਜੇ ਗੋਇਲ (ਹਲਕਾ ਰਾਜਪਾਲਪੁਰੀ), ਰਾਜ ਕੁਮਾਰ ਭਾਟੀਆ (ਹਲਕਾ ਰਾਜਪਾਲ ਨਗਰ), ਤਰਵਿੰਦਰ ਸਿੰਘ ਮਰਵਾਹ (ਹਲਕਾ ਜੰਗਪੁਰਾ) ਸ਼ਾਮਲ ਹਨ। ਬੀਤੇ ਦਿਨੀਂ ਦਿੱਲੀ ਵਿਧਾਨ ਸਭਾ ਦੇ ਮੁੱਖ ਸਕੱਤਰ ਧਰਮਿੰਦਰ ਨੂੰ ਪੱਤਰ ਲਿਖ ਕੇ ਅਫਸਰਾਂ ਵੱਲੋਂ ਅਸੈਂਬਲੀ ਮੈਂਬਰਾਂ ਦੀਆਂ ਚਿੱਠੀਆਂ, ਫੋਨ ਕਾਲਾਂ ਜਾਂ ਸੰਦੇਸ਼ਾਂ ਨੂੰ ਸਵੀਕਾਰ ਨਾ ਕਰਨ ’ਤੇ ਸਪੀਕਰ ਨੇ ਚਿੰਤਾ ਪ੍ਰਗਟ ਕੀਤੀ ਸੀ। ਪੱਤਰ ਵਿੱਚ ਸ੍ਰੀ ਗੁਪਤਾ ਨੇ ਕਿਹਾ ਸੀ ਕਿ ਉਨ੍ਹਾਂ ਦੇ ਧਿਆਨ ਵਿੱਚ ਕੁਝ ਮੌਕਿਆਂ ’ਤੇ ਲਿਆਂਦਾ ਗਿਆ ਹੈ ਜਿੱਥੇ ਮੈਂਬਰਾਂ ਦੇ ਪੱਤਰਾਂ, ਫੋਨ ਕਾਲਾਂ ਜਾਂ ਸੰਦੇਸ਼ਾਂ ਦੇ ਰੂਪ ਵਿੱਚ ਸੰਚਾਰ ਨੂੰ ਸਬੰਧਤ ਅਧਿਕਾਰੀ ਵੱਲੋਂ ਸਵੀਕਾਰ ਨਹੀਂ ਕੀਤਾ ਗਿਆ। ਉਨ੍ਹਾਂ ਮੁੱਖ ਸਕੱਤਰ ਨੂੰ ਪ੍ਰਸ਼ਾਸਨਿਕ ਸਕੱਤਰਾਂ, ਵਿਭਾਗਾਂ ਦੇ ਮੁਖੀਆਂ ਅਤੇ ਦਿੱਲੀ ਪੁਲੀਸ ਅਤੇ ਡੀਡੀਏ ਦੇ ਮੁੱਖ ਅਧਿਕਾਰੀਆਂ ਨੂੰ ਸਖ਼ਤੀ ਨਾਲ ਪਾਲਣਾ ਲਈ ਅਪੀਲ ਕੀਤੀ।