ਸਦਨ ਖ਼ਾਮੋਸ਼: ਪੰਜਾਬ ਦੇ ਜਾਏ, ਨਜ਼ਰ ਨਾ ਆਏ..!
ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਤੀਜੇ ਦਿਨ ਸਦਨ ਵਿੱਚ ਮੁੱਦੇ ਗੰਭੀਰ ਸਨ ਪਰ ਅੱਜ ਬਹੁਤੇ ਮੈਂਬਰ ਗੰਭੀਰ ਨਜ਼ਰ ਨਹੀਂ ਆਏ। ਹਾਕਮ ਧਿਰ ਅਤੇ ਵਿਰੋਧੀ ਧਿਰ ਦੇ ਮੈਂਬਰ ਇਸ ਮਾਮਲੇ ’ਚ ਇੱਕੋ ਕਿਸ਼ਤੀ ’ਚ ਸਵਾਰ ਦਿਖਾਈ ਦਿੱਤੇ। ਜਿੰਨਾ ਸਮਾਂ ਸਦਨ ’ਚ ਪੰਜਾਬ ਦੇ ਡਿੱਗ ਰਹੇ ਜ਼ਮੀਨ ਹੇਠਲੇ ਪਾਣੀ ਵਰਗੇ ਗੰਭੀਰ ਮੁੱਦੇ ’ਤੇ ਬਹਿਸ ਹੋਈ, ਮੈਂਬਰਾਂ ਦੀ ਗ਼ੈਰਹਾਜ਼ਰੀ ਕਾਰਨ ਸਦਨ ’ਚ ਸੰਨਾਟਾ ਛਾਇਆ ਰਿਹਾ। ਸਦਨ ’ਚੋਂ ਖਾਸ ਤੌਰ ’ਤੇ ਸੀਨੀਅਰ ਮੈਂਬਰ ਗੈਰਹਾਜ਼ਰ ਰਹੇ ਜਦਕਿ ਟਾਵੇਂ-ਟਾਵੇਂ ਮੈਂਬਰ ਹੀ ਇਸ ਮੁੱਦੇ ਨਾਲ ਭਾਵੁਕ ਤੌਰ ’ਤੇ ਜੁੜੇ ਨਜ਼ਰ ਆਏ।
‘ਆਪ’ ਵਿਧਾਇਕ ਗੁਰਦੇਵ ਮਾਨ ਨੇ ਸਦਨ ’ਚ ਅੱਜ ਪੰਜਾਬ ਦੇ ਜ਼ਮੀਨ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਰੋਕਣ ਅਤੇ ਵਾਤਾਵਰਨ ਦੀ ਸੰਭਾਲ ਲਈ ਤੁਰੰਤ ਅਸਰਦਾਰ ਕਦਮ ਚੁੱਕੇ ਜਾਣ ਦਾ ਗ਼ੈਰ-ਸਰਕਾਰੀ ਮਤਾ ਪੇਸ਼ ਕੀਤਾ। ਅੱਜ ਸਦਨ ’ਚ ਬੋਲਣ ਲਈ ਸਭ ਲਈ ਸਮ੍ਹਾਂ ਖੁੱਲ੍ਹਾ ਸੀ ਪਰ ਪੰਜਾਬ ਦੇ ਜਾਏ ਕਿਧਰੇ ਨਜ਼ਰ ਨਾ ਆਏ। ਦਰਜਨ ਕੁ ਵਿਧਾਇਕ ਅਜਿਹੇ ਸਨ ਜਿਨ੍ਹਾਂ ਨੇ ਨੀਝ ਲਾ ਕੇ ਸਮੁੱਚੀ ਬਹਿਸ ਨੂੰ ਸੁਣਿਆ।
ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ ਵਿੱਚ ਇੱਕ ਕਾਲਜ ਦੀ ਸਾਲਾਨਾ ਕਨਵੋਕੇਸ਼ਨ ’ਚ ਗਏ ਹੋਏ ਸਨ।
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਇਸ ਬਹਿਸ ਮੌਕੇ ਟਾਲਾ ਵੱਟ ਗਏ ਤੇ ਪ੍ਰਗਟ ਸਿੰਘ ਵੀ ਗ਼ਾਇਬ ਰਹੇ। ਸਮਾਂ ਨਾ ਮਿਲਣ ਦੀ ਸ਼ਿਕਾਇਤ ਕਰਨ ਵਾਲੇ ਕਾਂਗਰਸੀ ਵਿਧਾਇਕਾਂ ਨੂੰ ਅੱਜ ਸਪੀਕਰ ਸੰਧਵਾਂ ਹਾਕਾਂ ਮਾਰਦੇ ਰਹੇ। ਜਿਨ੍ਹਾਂ ਮੈਂਬਰਾਂ ਨੇ ਬਹਿਸ ਵਿੱਚ ਹਿੱਸਾ ਲਿਆ, ਉਨ੍ਹਾਂ ਦੇ ਤੱਥਾਂ ਵਿਚ ਬਹੁਤਾ ਨਵਾਂਪਣ ਤਾਂ ਨਹੀਂ ਸੀ ਪਰ ਉਹ ਗੱਲ ਕਹਿਣ ’ਚ ਸਫਲ ਰਹੇ। ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਬਹਿਸ ’ਚ ਹਿੱਸਾ ਵੀ ਲਿਆ ਤੇ ਸਮੁੱਚੀ ਬਹਿਸ ਨੂੰ ਸਮਾਪਤੀ ਤੱਕ ਨਿਠ ਕੇ ਸੁਣਿਆ ਵੀ। ਵਿਰੋਧੀ ਧਿਰ ’ਚੋਂ ਅਵਤਾਰ ਸਿੰਘ ਜੂਨੀਅਰ ਹੈਨਰੀ ਤੇ ਬਰਿੰਦਰਮੀਤ ਪਾਹੜਾ ਵੀ ਹਾਜ਼ਰ ਰਹੇ।
ਜਦੋਂ ਕਰੀਬ ਪੌਣੇ ਦੋ ਵਜੇ ਬਹਿਸ ਸਿਖਰ ’ਤੇ ਸੀ ਤਾਂ ਉਸ ਵਕਤ ਸਦਨ ’ਚ 31 ਮੈਂਬਰ ਹੀ ਹਾਜ਼ਰ ਸਨ ਜਿਨ੍ਹਾਂ ’ਚ ਪੰਜ ਵਜ਼ੀਰਾਂ ਸਣੇ 25 ਹਾਕਮ ਧਿਰ ਦੇ ਅਤੇ ਛੇ ਵਿਰੋਧੀ ਧਿਰ ਦੇ ਮੈਂਬਰ ਸਨ। ਜਦੋਂ ਬਹਿਸ ਸਮਾਪਤ ਹੋਈ ਤਾਂ ਉਸ ਵੇਲੇ ਹਾਕਮ ਧਿਰ ਦੇ ਪੰਜ ਵਜ਼ੀਰਾਂ ਸਣੇ 28 ਮੈਂਬਰ ਤੇ ਵਿਰੋਧੀ ਧਿਰ ਦੇ ਪੰਜ ਮੈਂਬਰ ਮੌਜੂਦ ਸਨ। ਭਾਜਪਾ ਦੇ ਅਸ਼ਵਨੀ ਸ਼ਰਮਾ ਬਹਿਸ ਦੀ ਸਮਾਪਤੀ ਮੌਕੇ ਪੁੱਜੇ। ਔਰਤਾਂ ’ਚੋਂ ਵਿਧਾਇਕ ਸਰਬਜੀਤ ਕੌਰ ਮਾਣੂਕੇ, ਇੰਦਰਜੀਤ ਕੌਰ ਮਾਨ, ਨਰਿੰਦਰ ਕੌਰ ਭਰਾਜ ਅਤੇ ਨੀਨਾ ਮਿੱਤਲ ਅਖੀਰ ਤੱਕ ਸਦਨ ’ਚ ਨਜ਼ਰ ਆਈਆਂ।
ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਜਿਨ੍ਹਾਂ ਨੂੰ ਸਮਾਂ ਨਾ ਮਿਲਣ ਕਰਕੇ ਕਾਂਗਰਸ ਨੇ ਲੰਘੇ ਦਿਨ ਦੋ ਵਾਰ ਵਾਕਆਊਟ ਕੀਤਾ, ਅੱਜ ਸਦਨ ’ਚ ਨਹੀਂ ਪਹੁੰਚੇ। ਸਦਨ ’ਚ ਬਹਿਸ ਮੌਕੇ ਕੁੱਝ ਵਿਧਾਇਕ ਰੀਲਾਂ ਦੇਖਦੇ ਰਹੇ ਅਤੇ ਕੁਝ ਉਬਾਸੀਆਂ ਦੇ ਸਤਾਏ ਹੋਣ ਦੇ ਬਾਵਜੂਦ ਵੀ ਬੈਠੇ ਰਹੇ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਵਿਰੋਧੀ ਧਿਰ ਨੂੰ ਵਾਰ ਵਾਰ ਪੁੱਛਿਆ ਕਿ ਸਮੇਂ ਦੀ ਕੋਈ ਕਮੀ ਤਾਂ ਨਹੀਂ।
ਥੱਕੇ ਥੱਕੇ ਨਜ਼ਰ ਆਏ ਕਾਂਗਰਸੀ..
ਸਦਨ ’ਚ ਅੱਜ ਵਿਰੋਧੀ ਧਿਰ ਆਪਣੀ ਸੁਸਤੀ ਨਹੀਂ ਭੰਨ ਸਕੀ। ਜਦੋਂ ਸਿਫ਼ਰ ਕਾਲ ਚੱਲ ਰਿਹਾ ਸੀ ਤਾਂ ਪ੍ਰਤਾਪ ਸਿੰਘ ਬਾਜਵਾ ਕੋਈ ਵੀ ਮੁੱਦਾ ਚੁੱਕਣ ਲਈ ਖੜ੍ਹੇ ਨਹੀਂ ਹੋਏ। ਜਦੋਂ ਥੋੜ੍ਹੇ ਸਮੇਂ ’ਚ ਸਿਫ਼ਰ ਕਾਲ ਖ਼ਤਮ ਹੋ ਗਿਆ ਤਾਂ ਬਾਜਵਾ ਨੇ ਸਿਫ਼ਰ ਕਾਲ ਦਾ ਸਮਾਂ ਵਧਾਏ ਜਾਣ ਦੀ ਮੰਗ ਕੀਤੀ। ਸਮਝ ਨਹੀਂ ਪਈ ਕਿ ਵਿਰੋਧੀ ਧਿਰ ਅੱਜ ਢਹਿੰਦੀ ਕਲਾ ਵਾਲੇ ਰੌਂਅ ਵਿੱਚ ਕਿਉਂ ਸੀ। ਲੰਮੇ ਸੈਸ਼ਨ ਦੀ ਮੰਗ ਕਰਨ ਵਾਲੀ ਵਿਰੋਧੀ ਧਿਰ ਕੋਲ ਅੱਜ ਛੋਟੇ ਮੁੱਦੇ ਵੀ ਮੁੱਕੇ ਹੋਏ ਜਾਪੇ।