Bengal's Mothabari clashes, 50 arrested: ਪੱਛਮੀ ਬੰਗਾਲ ਦੇ ਮਾਲਦਾ ਵਿੱਚ ਹਿੰਸਾ; 50 ਗ੍ਰਿਫ਼ਤਾਰ
ਮਾਲਦਾ (ਪੱਛਮੀ ਬੰਗਾਲ), 29 ਮਾਰਚ
ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ਦੇ ਮੋਥਾਬਾੜੀ ਵਿੱਚ ਦੋ ਧਿਰਾਂ ਵਿਚ ਤਕਰਾਰ ਤੋਂ ਬਾਅਦ ਹੁਣ ਤਕ 50 ਜਣਿਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਉੱਤਰੀ ਬੰਗਾਲ ਦੇ ਇੰਸਪੈਕਟਰ ਜਨਰਲ (ਆਈਜੀ) ਰਾਜੇਸ਼ ਯਾਦਵ ਨੇ ਕਿਹਾ ਕਿ ਮੋਥਾਬਾੜੀ ਵਿੱਚ ਦੋ ਫਿਰਕਿਆਂ ਦਰਮਿਆਨ ਵੀਰਵਾਰ ਨੂੰ ਹੋਈਆਂ ਝੜਪਾਂ ਦੇ ਸਬੰਧ ਵਿੱਚ ਹੁਣ ਤੱਕ ਕੁੱਲ 50 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪ੍ਰਸ਼ਾਸਨ ਅਤੇ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨੇ ਇਲਾਕੇ ਵਿੱਚ ਸ਼ਾਂਤੀ ਬਹਾਲ ਕਰਨ ਲਈ ਮੀਟਿੰਗ ਕੀਤੀ। ਸ੍ਰੀ ਯਾਦਵ ਨੇ ਪੀਟੀਆਈ ਨੂੰ ਦੱਸਿਆ ਕਿ ਮੋਥਾਬਾੜੀ ਵਿੱਚ ਸਥਿਤੀ ਆਮ ਵਾਂਗ ਹੋ ਰਹੀ ਹੈ ਜਿੱਥੇ ਕੁਝ ਦੁਕਾਨਾਂ ਮੁੜ ਖੁੱਲ੍ਹ ਗਈਆਂ ਹਨ।
ਸਥਾਨਕ ਲੋਕਾਂ ਅਨੁਸਾਰ ਮੋਥਾਬਾੜੀ ਵਿੱਚ ਧਾਰਮਿਕ ਜਲੂਸ ਤੋਂ ਬਾਅਦ ਹਿੰਸਾ ਸ਼ੁਰੂ ਹੋਈ। ਇਸ ਤੋਂ ਬਾਅਦ ਅੱਗਜ਼ਨੀ, ਭੰਨਤੋੜ ਅਤੇ ਲੋਕਾਂ ’ਤੇ ਹਮਲੇ ਕੀਤੇ ਗਏ।
ਯਾਦਵ ਨੇ ਕਿਹਾ ਕਿ ਰਾਜ ਹਥਿਆਰਬੰਦ ਪੁਲੀਸ ਦੀਆਂ ਚਾਰ ਕੰਪਨੀਆਂ ਅਤੇ ਵੱਡੀ ਗਿਣਤੀ ਵਿੱਚ ਰੈਪਿਡ ਐਕਸ਼ਨ ਫੋਰਸ ਤਾਇਨਾਤ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਤੋਂ ਅਹਿਤਿਆਤ ਵਜੋਂ ਮੋਥਾਬਾੜੀ ਅਤੇ ਨਾਲ ਲੱਗਦੀਆਂ ਥਾਵਾਂ ’ਤੇ ਇੰਟਰਨੈੱਟ ਸੇਵਾਵਾਂ ਮੁਅੱਤਲ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਪੁਲੀਸ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਇਸ ਮਾਮਲੇ ਦੀ ਕਲਕੱਤਾ ਹਾਈ ਕੋਰਟ ਨੇ ਵੀ ਰਿਪੋਰਟ ਮੰਗ ਲਈ ਹੈ।