18 Naxalites killed, four security personnel injured in encounter in Chhattisgarh: ਛੱਤੀਸਗੜ੍ਹ: ਸੁਕਮਾ ਵਿੱਚ ਮੁਕਾਬਲੇ ਦੌਰਾਨ 18 ਨਕਸਲੀ ਹਲਾਕ
ਸੁਕਮਾ, 29 ਮਾਰਚ
ਸੁਰੱਖਿਆ ਬਲਾਂ ਨੇ ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਕਾਰਵਾਈ ਦੌਰਾਨ 11 ਔਰਤਾਂ ਅਤੇ ਇੱਕ ਮਾਓਵਾਦੀ ਸਮੇਤ 18 ਨਕਸਲੀਆਂ ਨੂੰ ਮਾਰ ਦਿੱਤਾ ਜਿਨ੍ਹਾਂ ’ਤੇ 25 ਲੱਖ ਰੁਪਏ ਦਾ ਇਨਾਮ ਸੀ। ਇਸ ਮੁਕਾਬਲੇ ਵਿਚ ਚਾਰ ਸੁਰੱਖਿਆ ਬਲਾਂ ਦੇ ਜਵਾਨ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਤਿੰਨ ਰਾਜ ਪੁਲੀਸ ਦੀ ਇਕਾਈ ਜ਼ਿਲ੍ਹਾ ਰਿਜ਼ਰਵ ਗਾਰਡ (ਡੀਆਰਜੀ) ਨਾਲ ਸਬੰਧਤ ਹਨ ਤੇ ਚੌਥਾ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐਫ) ਨਾਲ ਸਬੰਧਤ ਹੈ।
ਉਨ੍ਹਾਂ ਕਿਹਾ ਕਿ ਦਸ ਦਿਨ ਪਹਿਲਾਂ ਸੁਰੱਖਿਆ ਬਲਾਂ ਨੇ ਰਾਜ ਦੇ ਬਸਤਰ ਖੇਤਰ ਦੇ ਬੀਜਾਪੁਰ ਅਤੇ ਕਾਂਕੇਰ ਜ਼ਿਲ੍ਹਿਆਂ ਵਿੱਚ ਦੋ ਮੁਕਾਬਲਿਆਂ ਵਿੱਚ ਪਾਬੰਦੀਸ਼ੁਦਾ ਸੀਪੀਆਈ (ਮਾਓਵਾਦੀ) ਦੇ ਘੱਟੋ-ਘੱਟ 30 ਮੈਂਬਰਾਂ ਨੂੰ ਮਾਰ ਦਿੱਤਾ ਸੀ। ਬਸਤਰ ਰੇਂਜ ਦੇ ਇੰਸਪੈਕਟਰ ਜਨਰਲ ਆਫ਼ ਪੁਲੀਸ ਸੁੰਦਰਰਾਜ ਪੀ ਨੇ ਪੀਟੀਆਈ ਨੂੰ ਦੱਸਿਆ ਕਿ ਤਾਜ਼ਾ ਗੋਲੀਬਾਰੀ ਸਵੇਰੇ 8 ਵਜੇ ਦੇ ਕਰੀਬ ਕੇਰਲਾਪਲ ਪੁਲੀਸ ਸਟੇਸ਼ਨ ਖੇਤਰ ਦੇ ਜੰਗਲ ਵਿੱਚ ਹੋਈ ਜਿੱਥੇ ਸੁਰੱਖਿਆ ਬਲਾਂ ਦੀ ਇੱਕ ਸਾਂਝੀ ਟੀਮ ਨਕਸਲ ਵਿਰੋਧੀ ਕਾਰਵਾਈ ’ਤੇ ਜਾ ਰਹੀ ਸੀ।
ਆਈਜੀ ਨੇ ਕਿਹਾ ਕਿ ਕੇਰਲਾਪਲ ਪੁਲੀਸ ਸਟੇਸ਼ਨ ਖੇਤਰ ਦੇ ਗੋਗੁੰਡਾ, ਨੇਂਦਮ ਅਤੇ ਉਪਮਪੱਲੀ ਪਿੰਡਾਂ ਦੇ ਜੰਗਲਾਂ ਵਿੱਚ ਮਾਓਵਾਦੀਆਂ ਦੀ ਮੌਜੂਦਗੀ ਬਾਰੇ ਜਾਣਕਾਰੀ ਦੇ ਆਧਾਰ ’ਤੇ ਬੀਤੀ ਰਾਤ ਨੂੰ ਸ਼ੁਰੂ ਕੀਤੇ ਗਏ ਅਪ੍ਰੇਸ਼ਨ ਵਿੱਚ ਡੀਆਰਜੀ ਅਤੇ ਸੀਆਰਪੀਐਫ ਦੀ 159ਵੀਂ ਬਟਾਲੀਅਨ ਦੇ ਮੁਲਾਜ਼ਮ ਸ਼ਾਮਲ ਸਨ।
ਉਨ੍ਹਾਂ ਕਿਹਾ ਕਿ ਗੋਲੀਬਾਰੀ ਰੁਕਣ ਤੋਂ ਬਾਅਦ ਮੁਕਾਬਲੇ ਵਾਲੀ ਥਾਂ ਤੋਂ 11 ਔਰਤਾਂ ਸਮੇਤ 18 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।