ਸੜਕ ਹਾਦਸੇ ਕਾਰਨ ਭੈਣ-ਭਰਾ ਸਣੇ ਤਿੰਨ ਹਲਾਕ
ਜਗਜੀਤ ਸਿੰਘ
ਮੁਕੇਰੀਆਂ, 16 ਅਪਰੈਲ
ਹਾਜੀਪੁਰ ਦੇ ਬੁੱਢਾਬੜ ਚੌਕ ਕੋਲ ਟਿੱਪਰ ਚਾਲਕ ਵੱਲੋਂ ਫੇਟ ਮਾਰਨ ਕਰ ਕੇ ਭੈਣ-ਭਰਾ ਸਣੇ ਤਿੰਨ ਜਣਿਆਂ ਦੀ ਮੌਤ ਹੋ ਗਈ ਜਦੋਂਕਿ ਇੱਕ ਗੰਭੀਰ ਜ਼ਖਮੀ ਹੋ ਗਿਆ। ਪੁਲੀਸ ਨੇ ਕੇਸ ਦਰਜ ਕਰਨ ਮਗਰੋਂ ਫ਼ਰਾਰ ਹੋਏ ਟਿੱਪਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਾਦਸੇ ਮਗਰੋਂ ਪੀੜਤ ਪਰਿਵਾਰ ਅਤੇ ਸ਼ਹਿਰ ਵਾਸੀਆਂ ਨੇ ਅੱਜ ਦੁਪਹਿਰ ਕਰੀਬ 12 ਵਜੇ ਬੁੱਢਾਬੜ ਚੌਕ ਵਿੱਚ ਧਰਨਾ ਲਗਾ ਦਿੱਤਾ। ਐੱਸਪੀ (ਡੀ) ਡਾ. ਮੁਕੇਸ਼ ਕੁਮਾਰ ਵੱਲੋਂ ਟਿੱਪਰ ਚਾਲਕ ਸਣੇ ਮਾਲਕ ਨੂੰ ਵੀ ਕੇਸ ਵਿੱਚ ਨਾਮਜ਼ਦ ਕਰਨ ਤੇ ਬਣਦਾ ਮੁਆਵਜ਼ਾ ਦਿਵਾਉਣ ਦੇ ਭਰੋਸੇ ਉਪਰੰਤ ਛੇ ਘੰਟਿਆਂ ਮਗਰੋਂ ਧਰਨਾ ਚੁੱਕਿਆ ਗਿਆ।
ਜਾਣਕਾਰੀ ਅਨੁਸਾਰ ਬੀਤੀ ਰਾਤ ਬਾਲਮੀਕਿ ਕਲੋਨੀ ਹਾਜੀਪੁਰ ਦਾ ਵਸਨੀਕ ਅਕਾਸ਼ ਆਪਣੇ ਚਾਰ ਸਾਲਾ ਭਤੀਜੇ ਸਮੀਰ ਤੇ ਤਿੰਨ ਸਾਲਾ ਭਤੀਜੀ ਨੂੰ ਬੁੱਢਾਬੜ ਚੌਕ ਵਿੱਚ ਗੋਲਗੱਪੇ ਖੁਆਉਣ ਲਿਆਇਆ ਸੀ। ਇਸੇ ਦੌਰਾਨ ਰਾਤ ਕਰੀਬ 10 ਵਜੇ ਵਾਪਸੀ ਮੌਕੇ ਉਹ ਸਕੂਟਰ ’ਤੇ ਬੱਚਿਆਂ ਸਣੇ ਆਪਣੇ ਜਾਣਕਾਰ ਗੋਰਾ ਕੋਲ ਖੜ੍ਹਾ ਸੀ। ਇਸ ਦੌਰਾਨ ਤਲਵਾੜਾ ਤੋਂ ਆ ਰਹੇ ਤੇਜ਼ ਰਫ਼ਤਾਰ ਟਿੱਪਰ ਚਾਲਕ ਨੇ ਚਾਰਾਂ ਨੂੰ ਲਪੇਟ ’ਚ ਲੈ ਲਿਆ। ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਏ ਸਮੀਰ ਤੇ ਪਰੀ ਨੂੰ ਸਿਵਲ ਹਸਪਤਾਲ ਲਿਜਾਂਦਿਆਂ ਉਨ੍ਹਾਂ ਦੀ ਮੌਤ ਹੋ ਗਈ ਜਦੋਂਕਿ ਅਕਾਸ਼ ਦੀ ਮੌਤ ਜਲੰਧਰ ਲਿਜਾਂਦੇ ਸਮੇਂ ਹੋ ਗਈ। ਅੰਮ੍ਰਿਤਸਰ ਦਾਖ਼ਲ ਕਰਵਾਏ ਗੰਭੀਰ ਜ਼ਖ਼ਮੀ ਹੋਏ ਨੌਜਵਾਨ ਗੋਰਾ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ।
ਇਸ ਮੌਕੇ ਮ੍ਰਿਤਕਾਂ ਦੇ ਪਿਤਾ ਰਵੀ ਕੁਮਾਰ ਅਤੇ ਹਾਜੀਪੁਰ ਦੇ ਸਾਬਕਾ ਸਰਪੰਚ ਕਿਸ਼ੋਰੀ ਲਾਲ ਨੇ ਕਿਹਾ ਕਿ ਟਿੱਪਰ ਚਾਲਕ ਸ਼ਰ੍ਹੇਆਮ ਨਿਯਮਾਂ ਦੀ ਉਲੰਘਣਾ ਕਰਦੇ ਹਨ ਪਰ ਪ੍ਰਸ਼ਾਸਨ ਜਾਂ ਪੁਲੀਸ ਨੇ ਇਨ੍ਹਾਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ। ਇਸ ਮੌਕੇ ਪੁੱਜੇ ਸਾਬਕਾ ਅਕਾਲੀ ਆਗੂ ਸਰਬਜੋਤ ਸਿੰਘ ਸਾਬੀ, ਕਾਂਗਰਸ ਦੀ ਸਾਬਕਾ ਵਿਧਾਇਕ ਦੇ ਪੁੱਤਰ ਐਡਵੋਕੇਟ ਸੱਭਿਆ ਸਾਂਚੀ, ਭਾਜਪਾ ਆਗੂ ਅੰਕਿਤ ਰਾਣਾ ਅਤੇ ਸਮਾਜ ਸੇਵੀ ਕਮਲ ਖੋਸਲਾ ਨੇ ਕਿਹਾ ਕਿ ਇਸ ਕੇਸ ਵਿੱਚ ਟਿੱਪਰ ਦੇ ਮਾਲਕ ਨਾਮਜ਼ਦ ਕੀਤੇ ਜਾਣੇ ਜ਼ਰੂਰੀ ਹਨ।
ਧਰਨੇ ਵਿੱਚ ਪੁੱਜੇ ਐੱਸਪੀ (ਡੀ) ਡਾ. ਮੁਕੇਸ਼ ਕੁਮਾਰ ਨੇ ਮ੍ਰਿਤਕਾਂ ਦੇ ਮਾਪਿਆਂ ਨੂੰ ਭਰੋਸਾ ਦਿਵਾਇਆ ਕਿ ਇਸ ਮਾਮਲੇ ਵਿੱਚ ਹਾਜੀਪੁਰ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਟਿੱਪਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਮਾਲਕ ਖਿਲਾਫ਼ ਵੀ ਕੇਸ ਦਰਜ ਕੀਤਾ ਜਾਵੇਗਾ। ਇਸ ਤੋਂ ਬਾਅਦ ਪਰਿਵਾਰ ਨੇ ਸੜਕ ਤੋਂ ਧਰਨਾ ਚੁੱਕ ਲਿਆ।
ਦੋ ਟਰੱਕਾਂ ਦੀ ਟੱਕਰ ਕਾਰਨ ਇੱਕ ਹਲਾਕ
ਫਗਵਾੜਾ (ਪੱਤਰ ਪ੍ਰੇਰਕ): ਇੱਥੇ ਜਲੰਧਰ ਸੜਕ ’ਤੇ ਚਹੇੜੂ ਲਾਗੇ ਦੋ ਟਰੱਕਾਂ ਦੀ ਟੱਕਰ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਗੁਰਜੰਟ ਸਿੰਘ ਵਾਸੀ ਗੱਜੋਵਾਲ (ਅੰਮ੍ਰਿਤਸਰ) ਵਜੋਂ ਹੋਈ ਹੈ, ਜਦੋਂਕਿ ਜ਼ਖ਼ਮੀ ਦੀ ਪਛਾਣ ਕੁਲਦੀਪ ਸਿੰਘ ਵਜੋਂ ਹੋਈ ਹੈ। ਉਸ ਨੂੰ ਸਿਵਲ ਹਸਪਤਾਲ ਵਿੱਚ ਮੁੱਢਲੀ ਸਹਾਇਤਾ ਦੇਣ ਮਗਰੋਂ ਰੈਫਰ ਕਰ ਦਿੱਤਾ ਗਿਆ ਹੈ। ਟਰੈਫਿਕ ਪੁਲੀਸ ਇੰਚਾਰਜ ਅਮਨ ਕੁਮਾਰ ਨੇ ਦੱਸਿਆ ਕਿ ਟਰੱਕ ਚਾਲਕ ਗੁਰਜੰਟ ਦਿੱਲੀ ਤੋਂ ਅੰਮ੍ਰਿਤਸਰ ਨੂੰ ਫਲ ਲਿਜਾ ਰਿਹਾ ਸੀ। ਉਸ ਨੂੰ ਨੀਂਦ ਆ ਜਾਣ ਕਾਰਨ ਟਰੱਕ ਬੇਕਾਬੂ ਹੋ ਕੇ ਡਿਵਾਈਡਰ ਤੋੜ ਕੇ ਸੜਕ ਦੇ ਦੂਜੇ ਪਾਸੇ ਜਾ ਕੇ ਪੱਥਰਾਂ ਦੇ ਭਰੇ ਟਰੱਕ ਨਾਲ ਟਕਰਾਅ ਗਿਆ। ਇਸ ਕਾਰਨ ਉਸ ’ਚ ਸਵਾਰ ਕੁਲਦੀਪ ਸਿੰਘ ਜ਼ਖ਼ਮੀ ਹੋ ਗਿਆ। ਹਾਦਸੇ ਕਾਰਨ ਕਾਫ਼ੀ ਸਮਾਂ ਆਵਾਜਾਈ ਪ੍ਰਭਾਵਿਤ ਹੋਈ। ਪੁਲੀਸ ਨੇ ਕੁਝ ਸਮੇਂ ਲਈ ਆਵਾਜਾਈ ਰੂਟ ਨੂੰ ਤਬਦੀਲ ਕਰ ਕੇ ਵਾਹਨ ਲੰਘਾਏ। ਪੁਲੀਸ ਵੱਲੋਂ ਬਿਆਨ ਦਰਜ ਕੀਤੇ ਜਾ ਰਹੇ ਹਨ।