ਬਾਲ ਪੁਸਤਕ ਪੁਰਸਕਾਰ ਲਈ ਪੁਸਤਕਾਂ ਦੀ ਮੰਗ
ਲੁਧਿਆਣਾ (ਖੇਤਰੀ ਪ੍ਰਤੀਨਿਧ):
ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ ਮਾਤਾ ਜਸਵੰਤ ਕੌਰ ਸਰਵੋਤਮ ਮੌਲਿਕ ਬਾਲ ਪੁਸਤਕ ਪੁਰਸਕਾਰ ਲਈ ਲੇਖਕਾਂ ਦੀਆਂ 2023 ਵਿੱਚ ਛਪੀਆਂ ਬਾਲ ਪੁਸਤਕਾਂ ਦੀਆਂ ਛੇ-ਛੇ ਕਾਪੀਆਂ ਦੀ ਮੰਗ ਕੀਤੀ ਗਈ ਹੈ। ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਅਤੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਦੱਸਿਆ ਕਿ ਇਹ ਪੁਰਸਕਾਰ ਮਰਹੂਮ ਪ੍ਰੋ. ਪ੍ਰੀਤਮ ਸਿੰਘ ਪਟਿਆਲਾ ਨੇ ਆਪਣੇ ਮਾਤਾ ਦੀ ਯਾਦ ਵਿੱਚ ਅਕਾਦਮੀ ਰਾਹੀਂ ਦੇਣਾ ਸ਼ੁਰੂ ਕੀਤਾ ਸੀ। ਇਹ ਪੁਰਸਕਾਰ 2024 ਦੇ ਹਨ। ਡਾ. ਪੰਧੇਰ ਨੇ ਦੱਸਿਆ ਕਿ ਅਕਾਦਮੀ ਵੱਲੋਂ ਦਿੱਤੇ ਜਾਂਦੇ ਪੁਰਸਕਾਰਾਂ ਦੀ ਚੋਣ ਲਈ ਕਮੇਟੀ ਬਣਾਈ ਗਈ ਹੈ। ਇਸ ’ਚ ਵਿਚਾਰ ਉਪਰੰਤ ਹੀ ਨਿਰਪੱਖਤਾ ਨਾਲ ਲੇਖਕਾਂ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਹੜੇ ਵੀ ਲੇਖਕ ਆਪਣੀਆਂ ਪੁਸਤਕਾਂ ਭੇਜਣਾ ਚਾਹੁੰਦੇ ਹਨ, ਉਹ ਛੇ-ਛੇ ਕਾਪੀਆਂ ਜਨਰਲ ਸਕੱਤਰ, ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਨਾਮ ’ਤੇ ਡਾਕ ਰਾਹੀਂ/ਕੋਰੀਅਰ ਰਾਹੀਂ ਵੀ ਭੇਜ ਸਕਦੇ ਹਨ। ਇਹ ਪੁਸਤਕਾਂ 15 ਮਈ 2025 ਤੱਕ ਪਹੁੰਚਣੀਆਂ ਚਾਹੀਦੀਆਂ ਹਨ।