ਜੰਮੂ ਕਸ਼ਮੀਰ ਵਾਸੀ ’ਤੇ ਹਮਲੇ ਦੇ ਦੋਸ਼ ਹੇਠ ਦੋ ਖ਼ਿਲਾਫ਼ ਕੇਸ
ਸ਼ਸ਼ੀ ਪਾਲ ਜੈਨ
ਖਰੜ, 29 ਅਪਰੈਲ
ਇਥੋਂ ਦੀ ਸਿਟੀ ਪੁਲੀਸ ਨੇ ਜੰਮੂ ਕਸ਼ਮੀਰ ਤੋਂ ਆਏ ਨੌਜਵਾਨ ਸੋਹੇਲ ’ਤੇ ਹਮਲਾ ਕਰਨ ਦੇ ਦੋਸ਼ ਹੇਠ ਦੋ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਅਨੁਸਾਰ ਕੁਪਵਾੜਾ ਦੇ ਰਹਿਣ ਵਾਲੇ ਪ੍ਰਾਈਵੇਟ ਯੂਨੀਵਰਸਿਟੀ ਦੇ ਵਿਦਿਆਰਥੀ ਵੱਲੋਂ ਸੋਸ਼ਲ ਮੀਡੀਆ ’ਤੇ ਵੀਡੀਓ ਪੋਸਟ ਕੀਤੀ ਗਈ ਸੀ। ਇਸ ਵਿੱਚ ਉਸ ਨੇ ਦੱਸਿਆ ਸੀ ਕਿ ਜੰਮੂ ਕਸ਼ਮੀਰ ਤੋਂ ਉਸ ਦਾ ਭਰਾ ਸੋਹੇਲ ਉਸ ਨੂੰ ਮਿਲਣ ਲਈ ਆਇਆ ਸੀ। ਉਹ ਜਦੋਂ ਬੱਸ ਅੱਡੇ ਵੱਲ ਸਬਜ਼ੀ ਲੈਣ ਜਾ ਰਿਹਾ ਸੀ ਤਾਂ ਸ਼ਿਵਜੋਤ ਕਲੋਨੀ ਨੇੜੇ ਕਿਸੇ ਨੇ ਉਸ ਵੱਲ ਪੱਥਰ ਮਾਰਿਆ ਪਰ ਉਸ ਦਾ ਬਚਾਅ ਹੋ ਗਿਆ। ਇਸ ਮਗਰੋਂ ਹਮਲਾਵਰਾਂ ਉਸ ਦੇ ਡੰਡਾ ਮਾਰਿਆ। ਇਸ ਕਾਰਨ ਸੋਹੇਲ ਦੇ ਨੱਕ ਵਿੱਚੋਂ ਖੂਨ ਵਗਣ ਲੱਗਿਆ। ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕਸ਼ਮੀਰੀ ਵਿਦਿਆਰਥੀਆਂ ਨੂੰ ਡਰਾਉਣ ਦੀ ਕੋਸ਼ਿਸ਼
ਫਗਵਾੜਾ (ਜਸਬੀਰ ਸਿੰਘ ਚਾਨਾ): ਇੱਥੋਂ ਦੇ ਲਾਅ ਗੇਟ ਨਜ਼ਦੀਕ ਉਸ ਸਮੇਂ ਹਾਲਾਤ ਤਣਾਅਪੂਰਨ ਬਣ ਗਏ ਜਦੋਂ ਕੁਝ ਵਿਅਕਤੀਆਂ ਵੱਲੋਂ ਕਸ਼ਮੀਰੀ ਵਿਦਿਆਰਥੀਆਂ ਨੂੰ ਪੀਜੀ ਵਿੱਚ ਜਾ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਗਈ। ਇਨ੍ਹਾਂ ਵਿਅਕਤੀਆਂ ਵੱਲੋਂ ਕਸ਼ਮੀਰੀ ਵਿਦਿਆਰਥੀਆਂ ਨਾਲ ਗਾਲੀ-ਗਲੋਚ ਕੀਤਾ ਗਿਆ। ਇਸ ਦੌਰਾਨ ਮੌਕੇ ’ਤੇ ਹੀ ਪੁਲੀਸ ਪੁੱਜ ਗਈ। ਪੁਲੀਸ ਮੁਲਾਜ਼ਮਾਂ ਨੇ ਇਨ੍ਹਾਂ ਵਿਅਕਤੀਆਂ ਨੂੰ ਖਦੇੜ ਦਿੱਤਾ ਤੇ ਮਾਹੌਲ ਨੂੰ ਸ਼ਾਂਤ ਕੀਤਾ। ਦੱਸਿਆ ਜਾ ਰਿਹਾ ਹੈ ਕਿ ਕੁੱਝ ਨੌਜਵਾਨਾਂ ਨੇ ਕਸ਼ਮੀਰੀ ਵਿਦਿਆਰਥੀਆਂ ਨੂੰ ਰੱਖਣ ਵਾਲੇ ਪੀਜੀ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਵਿਦਿਆਰਥੀਆਂ ਖ਼ਿਲਾਫ਼ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ। ਇਸ ਬਾਰੇ ਸੂਚਨਾ ਮਿਲਦਿਆਂ ਹੀ ਪੁਲੀਸ ਤੁਰੰਤ ਘਟਨਾ ਸਥਾਨ ’ਤੇ ਪੁੱਜੀ।