ਸਕੂਲ ਦੀ ਕੰਧ ’ਤੇ ਖ਼ਾਲਿਸਤਾਨ ਪੱਖੀ ਨਾਅਰੇ ਲਿਖਣ ਦੀ ਜਾਂਚ ਸ਼ੁਰੂ
ਥਾਣਾ ਸਦਰ ਅਹਿਮਦਗੜ੍ਹ ਨੇ ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਮਾਲੇਰਕੋਟਲਾ ਜ਼ਿਲ੍ਹੇ ਦੇ ਸਰਕਾਰੀ ਹਾਈ ਸਮਾਰਟ ਸਕੂਲ ਮੰਡੀਆਂ ਦੀਆਂ ਕੰਧਾਂ ’ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਅਤੇ ਬੈਨਰ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਸਵੀਰ ’ਤੇ ਕਾਲਖ਼ ਮਲਣ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਇਸ ਸਬੰਧ ਵਿੱਚ ਕੇਸ ਨਹੀਂ ਦਰਜ ਕੀਤਾ ਗਿਆ। ਸਕੂਲ ਦੇ ਅਧਿਕਾਰੀਆਂ ਵੱਲੋਂ ਕਥਿਤ ਤੌਰ ’ਤੇ ਵਾਇਰਲ ਵੀਡੀਓ ਵਿੱਚ ਹੁਣ ਦਰਸਾਏ ਗਏ ਨਾਅਰਿਆਂ ਨੂੰ ਉਸੇ ਦਿਨ ਮਿਟਾ ਦਿੱਤਾ ਗਿਆ ਸੀ ਪਰ ਅੱਜ ਬਾਅਦ ਦੁਪਹਿਰ ਸਿੱਖਸ ਫਾਰ ਜਸਟਿਸ ਵੱਲੋਂ ਇਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਨਾਂ ’ਤੇ ਵੀਡੀਓ ਵਾਇਰਲ ਹੋਣ ਮਗਰੋਂ ਪੁਲੀਸ ਹਰਕਤ ਵਿੱਚ ਆਈ ਦੱਸੀ ਗਈ। ਸਬੰਧਤ ਵੀਡੀਓ ਰਾਹੀਂ ਪੰਨੂ ਨੇ ਸਾਰੀਆਂ ਰਾਜਸੀ ਪਾਰਟੀਆਂ ਨੂੰ ਚਿਤਾਵਨੀ ਜਾਰੀ ਕਰਕੇ ਡਾ. ਭੀਮ ਰਾਓ ਅੰਬੇਡਕਰ ਜੈਅੰਤੀ ਸਬੰਧੀ ਜਸ਼ਨ ਨਾ ਮਨਾਉਣ ਬਾਰੇ ਕਿਹਾ ਹੈ। ਮੁੱਖ ਮੰਤਰੀ ਦੀ ਤਸਵੀਰ ਵਾਲੇ ਬੈਨਰ ’ਤੇ ਲਿਖੇ ‘ਖਾਲਿਸਤਾਨ ਜ਼ਿੰਦਾਬਾਦ’, ‘ਸਿੱਖਸ ਆਰ ਨਾਟ ਹਿੰਦੂਜ਼’ ਅਤੇ ‘ਵਰਸ਼ਿੱਪ ਵਰਸ਼ਿੱਪ ਭਗਤ ਰਵਿਦਾਸ’ ਦੇ ਨਾਅਰੇ ਅੱਜ ਉਸ ਵੇਲੇ ਵਾਇਰਲ ਹੋਏ ਜਦੋਂ ਪ੍ਰਸ਼ਾਸਨ ਯੁੱਧ ਨਸ਼ਿਆਂ ਵਿਰੁੱਧ ਤੇ ਪੰਜਾਬ ਸਿੱਖਿਆ ਕ੍ਰਾਂਤੀ ਸਬੰਧੀ ਸਮਾਗਮਾਂ ਵਿੱਚ ਰੁੱਝਿਆ ਹੋਇਆ ਸੀ। ਵੀਡੀਓ ਵਿੱਚ ਪੰਨੂ ਨੇ ਮੁੱਖ ਮੰਤਰੀ ਨੂੰ ਧਮਕੀ ਦਿੱਤੀ ਹੈ ਕਿ ਉਸ ਦਾ ਹਸ਼ਰ ਮਰਹੂਮ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਵਰਗਾ ਹੋਵੇਗਾ। ਕਾਬਲੇਗੌਰ ਹੈ ਕਿ ਉਸੇ ਰਾਤ ਖੰਨਾ ਨੇੜੇ ਨਸਰਾਲੀ ਪਿੰਡ ਵਿੱਚ ਮੇਜਰ ਹਰਦੇਵ ਸਿੰਘ ਸੈਕੰਡਰੀ ਸਕੂਲ ਦੀਆਂ ਕੰਧਾਂ ’ਤੇ ਵੀ ਇਸੇ ਤਰ੍ਹਾਂ ਦੇ ਨਾਅਰੇ ਲਿਖੇ ਗਏ ਸਨ। ਥਾਣਾ ਸਦਰ ਅਹਿਮਦਗੜ੍ਹ ਵਿੱਚ ਫੋਨ ਕਰਨ ’ਤੇ ਦੱਸਿਆ ਗਿਆ ਕਿ ਇਸ ਸਬੰਧ ਵਿੱਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਪਰ ਅਜੇ ਕੇਸ ਦਰਜ ਕੀਤਾ ਜਾਣਾ ਹੈ।