ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵੱਡਉਮਰਾ ਦੌੜਾਕ ਬਾਬਾ ਫੌਜਾ ਸਿੰਘ

04:05 AM Mar 30, 2025 IST
featuredImage featuredImage

ਪ੍ਰਿੰ. ਸਰਵਣ ਸਿੰਘ

Advertisement

ਪਹਿਲੀ ਅਪਰੈਲ 2025 ਨੂੰ ਬਾਬਾ ਫੌਜਾ ਸਿੰਘ ਦਾ 115ਵਾਂ ਜਨਮ ਦਿਨ ਹੈ। ਇਹ ਅਪਰੈਲ ਫੂਲ ਵਾਲਾ ਮਖੌਲ ਨਹੀਂ। ਤੁਸੀਂ ਉਸ ਨੂੰ ਬਿਆਸ ਪਿੰਡ ’ਚ ਤੁਰਦਾ ਫਿਰਦਾ ਵੇਖ ਸਕਦੇ ਹੋ। ਉਹ ਬਜ਼ੁਰਗਾਂ ਦਾ ਰੋਲ ਮਾਡਲ ਹੈ ਜੋ 20ਵੀਂ ਸਦੀ ਦੇ ਆਰੰਭ ’ਚ ਜੰਮਿਆ ਸੀ। 20ਵੀਂ ਸਦੀ ਮੁੱਕਣ ਵੇਲੇ ਦੌੜਨ ਲੱਗਾ ਸੀ ਤੇ 21ਵੀਂ ਸਦੀ ਚੜ੍ਹਦਿਆਂ
ਖ਼ਬਰਾਂ ਦਾ ਸ਼ਿੰਗਾਰ ਬਣਿਆ ਸੀ। ਮੈਰਾਥਨ ਦਾ ਮਹਾਂਰਥੀ, ਪਗੜੀਧਾਰੀ ਝੱਖੜ, ਬੁੱਢਿਆਂ ਦਾ ਰੋਲ ਮਾਡਲ, ਬੱਲੇ ਬਾਬਾ ਫੌਜਾ ਸਿੰਘ ਦੇ... ਤੇ ਨਈਂ ਰੀਸਾਂ ਫੌਜਾ ਸਿੰਘ ਦੀਆਂ...!
ਉਹ ਰੌਣਕੀ ਬੰਦਾ ਹੈ। ਬੇਫ਼ਿਕਰ, ਬੇਪਰਵਾਹ, ਬੇਬਾਕ, ਦਾਨੀ ਤੇ ਦਇਆਵਾਨ। ਉਸ ਨੇ ਗੁੰਮਨਾਮੀ ’ਚ ਚੱਲ ਵਸਣਾ ਸੀ ਜੇ ਦੌੜਨ ਨਾ ਲੱਗਦਾ। ਬੁੱਢੇ ਵਾਰੇ ਦੌੜਾਂ ਲਾ ਕੇ ਉਹਨੇ ਜੱਗ ਜਹਾਨ ’ਚ ਬੱਲੇ-ਬੱਲੇ ਕਰਵਾਈ। ਉਸ ਨੂੰ 2004, 2008 ਤੇ 2012 ਵਿੱਚ ਓਲੰਪਿਕ ਖੇਡਾਂ ਦੀ ਮਸ਼ਾਲ ਲੈ ਕੇ ਦੌੜਨ ਦਾ ਮਾਣ ਮਿਲਿਆ। ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ ਨੇ ਉਸ ਨੂੰ ਸੌ ਸਾਲ ਦਾ ਸਿਟੀਜ਼ਨ ਹੋਣ ਦੀ ਵਧਾਈ ਦਿੱਤੀ ਤੇ ਸ਼ਾਹੀ ਮਹਿਲ ’ਚ ਖਾਣੇ ’ਤੇ ਸੱਦਿਆ।
ਸੌ ਸਾਲ ਤੋਂ ਵਡੇਰੀ ਉਮਰ ਦਾ ਉਹ ਪਹਿਲਾ ਮਨੁੱਖ ਹੈ ਜਿਸ ਨੇ 16 ਅਕਤੂਬਰ 2011 ਨੂੰ ਟੋਰਾਂਟੋ ਦੀ ਵਾਟਰ ਫਰੰਟ ਮੈਰਾਥਨ ਪੂਰੀ ਦੌੜੀ। ਉੱਥੇ ਉਸ ਨੇ 42.2 ਕਿਲੋਮੀਟਰ ਦਾ ਪੰਧ 8 ਘੰਟੇ 11 ਮਿੰਟ 6 ਸਕਿੰਟ ਵਿੱਚ ਮੁਕਾਇਆ। ਉਹਦਾ ਨਾਂ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਵਿੱਚ ਦਰਜ ਹੋ ਜਾਣਾ ਸੀ ਜੇ ਉਹਦੀ ਜਨਮ ਤਾਰੀਖ਼ ਦਾ ਅਸਲੀ ਸਰਟੀਫਿਕੇਟ ਮਿਲ ਜਾਂਦਾ।
ਫੌਜਾ ਸਿੰਘ ਦੀ ਵਡਿਆਈ ਇਸ ਗੱਲ ’ਚ ਨਹੀਂ ਕਿ ਉਹ ਲੰਮੀਆਂ ਦੌੜਾਂ ਦੌੜਦਾ ਰਿਹਾ ਸਗੋਂ ਇਸ ਵਿੱਚ ਹੈ ਕਿ ਸੌ ਸਾਲਾਂ ਦਾ ਹੋ ਕੇ ਵੀ ਦੌੜੀ ਗਿਆ! 2000 ਵਿੱਚ ਲੰਡਨ ਦੀ ਫਲੋਰਾ ਮੈਰਾਥਨ ਲਾਉਂਦਿਆਂ ਉਹ 80 ਸਾਲ ਤੋਂ ਵਡੇਰੀ ਉਮਰ ਵਾਲਿਆਂ ਲਈ 6 ਘੰਟੇ 54 ਮਿੰਟ ਦਾ ਨਵਾਂ ਰਿਕਾਰਡ ਰੱਖ ਕੇ ਖ਼ਬਰਾਂ ਵਿੱਚ ਆਇਆ ਸੀ। ਉਦੋਂ ਪੱਗ ’ਤੇ ਖੰਡਾ ਲਾ ਕੇ ਝੂਲਦੀ ਦਾੜ੍ਹੀ ਨਾਲ ਦੌੜਦੇ ਦੀਆਂ ਤਸਵੀਰਾਂ ਲੰਡਨ ਦੀਆਂ ਸੜਕਾਂ ’ਤੇ ਲੱਗ ਗਈਆਂ ਸਨ। ਨਾਲ ਲਿਖਿਆ ਗਿਆ ਸੀ: ਕੁਝ ਵੀ ਅਸੰਭਵ ਨਹੀਂ। 2003 ਵਿੱਚ ਟੋਰਾਂਟੋ ’ਚ ਉਸ ਨੇ 42.2 ਕਿਲੋਮੀਟਰ ਦੀ ਦੌੜ 5 ਘੰਟੇ 40 ਮਿੰਟ 04 ਸਕਿੰਟ ਵਿੱਚ ਪੂਰੀ ਕੀਤੀ। 2004 ’ਚ ਟੋਰਾਂਟੋ ਦੀ ਹਾਫ਼ ਮੈਰਾਥਨ ਦੌੜਦਿਆਂ ਉਸ ਨੇ 2 ਘੰਟੇ 29.59 ਮਿੰਟ ਦਾ ਨਵਾਂ ਵਿਸ਼ਵ ਰਿਕਾਰਡ ਬਣਾਇਆ ਸੀ। 2012 ਵਿੱਚ ਉਹ ਆਖ਼ਰੀ ਮੈਰਾਥਨ ਦੌੜ ਹਾਂਗਕਾਂਗ ’ਚ ਦੌੜਿਆ ਤਾਂ ਚੈਰਿਟੀ ਲਈ 25,800 ਡਾਲਰ ’ਕੱਠੇ ਹੋਏ ਜੋ ਉਸ ਨੇ ਉੱਥੇ ਹੀ ਦਾਨ ਕਰ ਦਿੱਤੇ।
ਜੁਲਾਈ 1999 ’ਚ ਮੈਂ ਉਸ ਨੂੰ ਪਹਿਲੀ ਵਾਰ ਈਰਥ-ਵੂਲਿਚ ਦੇ ਕਬੱਡੀ ਟੂਰਨਾਮੈਂਟ ਵਿੱਚ ਵੇਖਿਆ ਸੀ। ਉਹ ਕਬੱਡੀ ਦੇ ਦਾਇਰੇ ਦੁਆਲੇ ਦੌੜ ਰਿਹਾ ਸੀ। ਉਹਦੇ ਸਿਰ ’ਤੇ ਪੱਗ ਸੀ ਤੇ ਪੱਗ ਉੱਤੇ ਖੰਡਾ। ਤੇੜ ਟਰੈਕ ਸੂਟ ਤੇ ਪੈਰੀਂ ਦੌੜਨ ਵਾਲੇ ਬੂਟ। 2000 ਵਿੱਚ ਮੈਂ ਉਹਦੀਆਂ ਅੰਗਰੇਜ਼ੀ ਦੇ ਵੱਡੇ ਅਖ਼ਬਾਰਾਂ ’ਚ ਤਸਵੀਰਾਂ ਵੇਖੀਆਂ। ਉਸ ਨੇ ਲੰਡਨ ਦੀ ਮੈਰਾਥਨ ਵਿੱਚ 80 ਸਾਲ ਤੋਂ ਵੱਡੀ ਉਮਰ ਦੇ ਦੌੜਾਕਾਂ ’ਚ ਨਵਾਂ ਵਿਸ਼ਵ ਰਿਕਾਰਡ ਬਣਾ ਦਿੱਤਾ ਸੀ।
ਅਠਾਈ ਸਤੰਬਰ 2003 ਨੂੰ ‘ਸਕੋਸ਼ੀਆ ਬੈਂਕ ਟੋਰਾਂਟੋ ਵਾਟਰਫਰੰਟ ਮੈਰਾਥਨ’ ਹੋਈ। ਮੈਂ ਉਦੋਂ ਟੋਰਾਂਟੋ ਹੀ ਸਾਂ। ਫੌਜਾ ਸਿੰਘ ਇੰਗਲੈਂਡ ਤੋਂ ਪੁੱਜਾ ਸੀ। ਉਦੋਂ ਉਹਦਾ ਪੱਕਾ ਟਿਕਾਣਾ ਇਲਫੋਰਡ ਵਿੱਚ ਸੀ। ਟੋਰਾਂਟੋ ਦੇ ਬਿਆਸਪਿੰਡੀਆਂ ਨੇ ਆਪਣੇ ਪੇਂਡੂ ਦੌੜਾਕ ਨੂੰ ਪੂਰੀ ਹੱਲਾਸ਼ੇਰੀ ਦਿੱਤੀ। ਦੌੜ ਮੁੱਕੀ ਤਾਂ ਉਸ ਨੇ ਆਪਣਾ ਹੀ ਰਿਕਾਰਡ ਪਹਿਲਾਂ ਨਾਲੋਂ 31 ਮਿੰਟ ਘੱਟ ਸਮੇਂ ਨਾਲ ਤੋੜ ਦਿੱਤਾ। ਬਿਆਸਪਿੰਡੀਆਂ ਨੇ ਫੌਜਾ ਸਿੰਘ ਨੂੰ ਮੋਢਿਆਂ ’ਤੇ ਚੁੱਕ ਲਿਆ। ਉਹਦੀ ਵਿਲੱਖਣਤਾ ਇਹ ਸੀ ਕਿ ਉਹ ਝੂਲਦੀ ਦਾੜ੍ਹੀ ਨਾਲ ਕੇਸਰੀ ਦਸਤਾਰ ਬੰਨ੍ਹ ਕੇ ਦੌੜਿਆ ਸੀ। ਉਹਦੇ ਨਿਆਰੇ ਸਰੂਪ ਨੇ ਉਹਦੀ ਮਸ਼ਹੂਰੀ ਹੋਰ ਵੀ ਵੱਧ ਕਰਾਈ।
ਫਿਰ ਟੋਰਾਂਟੋ ਦੇ ਇੱਕ ਬੈਂਕੁਇਟ ਹਾਲ ਵਿੱਚ ਪਾਰਟੀ ਹੋਈ ਜਿੱਥੇ ਉਹਦਾ ਮਿਸਾਲੀ ਮਾਣ ਸਨਮਾਨ ਹੋਇਆ। ਇੱਕ ਕਵੀ ਨੇ ਕਵਿਤਾ ਪੜ੍ਹੀ- ਅਦਰਕ ਦੀ ਤਰੀ ਦਾ ਕਮਾਲ! ਸਟੇਜ ਦੀ ਕਾਰਵਾਈ ਪਿੱਛੋਂ ਕੁਝ ਸੱਜਣ ਦਾਰੂ ਪੀਣ ਲੱਗੇ ਤਾਂ ਬਾਬੇ ਨੂੰ ਪੁੱਛਿਆ ਗਿਆ, “ਬਾਬਾ ਜੀ, ਦੁੱਧ ਪੀਓਗੇ ਜਾਂ ਚਾਹ?”
ਬਾਬੇ ਦਾ ਜੁਆਬ ਸੀ, “ਕਿਉਂ ਮੈਂ ਰੰਡੀ ਦਾ ਜੁਆਈ ਆਂ?” ਖ਼ੁਸ਼ੀ ’ਚ ਬਾਬਾ ਵੀ ਸਰਸ਼ਾਰ ਸੀ!
ਫਿਰ ਮੈਂ ਨਿਵੇਕਲੇ ਬਹਿ ਕੇ ਬਾਬੇ ਤੋਂ ਕੁਝ ਖ਼ਾਸ ਗੱਲਾਂ ਪੁੱਛੀਆਂ। ਉਸ ਨੇ ਆਪਣੀ ਜਨਮ ਤਾਰੀਖ਼ 1 ਅਪਰੈਲ 1911 ਲਿਖਾਈ ਜੋ ਉਸ ਦੇ ਪਾਸਪੋਰਟ ਉੱਤੇ ਦਰਜ ਸੀ। ਪਿਤਾ ਦਾ ਨਾਂ ਮਿਹਰ ਸਿੰਘ, ਮਾਤਾ ਦਾ ਭਾਗੋ ਤੇ ਪਤਨੀ ਦਾ ਗਿਆਨ ਕੌਰ ਲਿਖਾਇਆ। ਉਦੋਂ ਪਿੰਡ ਦੀ ਦਾਈ ਰਹਿਮੋ ਸੀ। ਪੰਜ ਸਾਲ ਉਹ ਰਿੜ੍ਹਨ ਤੇ ਖੜ੍ਹਨ ਜੋਗਾ ਨਾ ਹੋਇਆ। ਛੇਵਾਂ ਸਾਲ ਲੱਗਣ ’ਤੇ ਜਦੋਂ ਉਹ ਤੁਰਨ
ਜੋਗਾ ਹੋਇਆ ਤਾਂ ਘਰ ਦਿਆਂ ਨੇ ਪਿੰਡ ’ਚ ਕੜਾਹ ਵੰਡਿਆ। ਉਹਦੀ ਮਾਂ ਖੇਤ ਰੋਟੀ ਲੈ ਕੇ ਜਾਂਦੀ ਤਾਂ ਉਹ ਨਾਲ ਜਾਣ ਦੀ ਜ਼ਿੱਦ ਕਰਦਾ ਪਰ ਉਹਤੋਂ ਤੁਰ ਨਾ ਹੁੰਦਾ। ਪੰਦਰਾਂ ਸਾਲ ਦੀ ਉਮਰ ਤਕ ਉਹ ਇੱਕ ਮੀਲ ਵੀ ਨਾ ਤੁਰ ਸਕਿਆ।
ਉਹਦਾ ਵਿਆਹ ਵੱਡੀ ਉਮਰ ਵਿੱਚ ਹੋਇਆ। ਬਰਾਤ ਗੱਡੇ ਉੱਤੇ ਪਿੰਡ ਕਾਲਘਟਾਂ ਗਈ। ਜਨੇਤ ਦੀ ਸੇਵਾ ਬੇਸਣੀ ਪਕੌੜਿਆਂ ਤੇ ਸ਼ੱਕਰ ਘਿਓ ਨਾਲ ਹੋਈ। ਲਾੜਾ ਹੋਣ ਕਰਕੇ ਉਹਨੂੰ ਚਾਬੀ ਦੇ ਲੱਠੇ ਵਾਲੇ ਨਵੇਂ ਕੱਪੜੇ ਜੁੜੇ। ਉਹਦੇ ਘਰ ਤਿੰਨ ਪੁੱਤਰਾਂ ਤੇ ਤਿੰਨ ਧੀਆਂ ਨੇ ਜਨਮ ਲਿਆ ਜਿਨ੍ਹਾਂ ਨੂੰ ਉਹ ਬਹੁਤਾ ਪੜ੍ਹਾ ਨਾ ਸਕਿਆ ਪਰ ਇੱਕ ਪੁੱਤਰ ਨੂੰ ਇੰਗਲੈਂਡ ਤੇ ਧੀ ਨੂੰ ਕੈਨੇਡਾ ਭੇਜਣ ਵਿੱਚ ਕਾਮਯਾਬ ਹੋ ਗਿਆ।
ਫੌਜਾ ਸਿੰਘ ਦੇ ਜੀਵਨ ਵਿੱਚ ਬੜੇ ਉਤਰਾਅ-ਚੜ੍ਹਾਅ ਆਏ। ਉਸ ਦੇ ਗਭਲੇ ਪੁੱਤਰ ਕੁਲਦੀਪ ਸਿੰਘ ਦੀ ਭਰ ਜੁਆਨੀ ਵਿੱਚ ਮੌਤ ਹੋ ਗਈ। ਪਤਨੀ 1992 ਵਿੱਚ ਪੂਰੀ ਹੋਈ ਤੇ ਪੁੱਤਰ 1994 ਵਿੱਚ। ਫਿਰ ਉਸ ਦਾ ਵੱਡਾ ਪੁੱਤਰ ਦਿਲ ਢਾਹੀ ਬੈਠੇ ਬਾਪ ਨੂੰ ਇੰਗਲੈਂਡ ਲੈ ਗਿਆ। ਇੰਗਲੈਂਡ ਵਿੱਚ ਉਸ ਨੂੰ ਹਰਮੰਦਰ ਸਿੰਘ ਮਿਲਿਆ ਜੋ 10000 ਮੀਟਰ ਦੌੜ ਦਾ ਦੌੜਾਕ ਸੀ। ਉਹ ਪਾਰਕ ਵਿੱਚ ਦੌੜਨ ਜਾਂਦਾ ਤਾਂ ਫੌਜਾ ਸਿੰਘ ਨੂੰ ਉਦਾਸ ਬੈਠਾ ਵੇਖਦਾ। ਇੱਕ ਦਿਨ ਉਸ ਨੇ ਉਦਾਸ ਬੈਠੇ ਫੌਜਾ ਸਿੰਘ ਨੂੰ ਕਿਹਾ, ਜੇ ਉਹ ਦੌੜਨ ਲੱਗ ਪਵੇ ਤਾਂ ਉਦਾਸੀ ਚੁੱਕੀ ਜਾਵੇਗੀ। ਉਹਦੀ ਪ੍ਰੇਰਨਾ ਨਾਲ ਉਹ ਦੌੜਨ ਲੱਗ ਪਿਆ। ਹਰਮੰਦਰ ਸਿੰਘ ਉਹਦਾ ਕੋਚ ਬਣ ਗਿਆ ਜਿਸ ਦਾ ਫੌਜਾ ਸਿੰਘ ਨੂੰ ਮੈਰਾਥਨਾਂ ਲੁਆਉਣ ਵਿੱਚ ਸਭ ਤੋਂ ਵੱਧ
ਯੋਗਦਾਨ ਪਿਆ।
ਉਸ ਨੇ ਇਹ ਵੀ ਲਿਖਾਇਆ ਕਿ ਪਿੰਡ ਹਲ ਵਾਹੁੰਦਿਆਂ ਕੋਈ ਪਾਣੀ ਨਹੀਂ ਸੀ ਪੁੱਛਦਾ। ਹੁਣ ਮੇਮਾਂ ਕੋਕ ਚੁੱਕੀ ਪਿੱਛੇ-ਪਿੱਛੇ ਨੱਠੀਆਂ ਫਿਰਦੀਆਂ। ਪਿੰਡ ਵਾਲੇ ਫੌਜੂ ਕਹਿੰਦੇ ਸੀ, ਅਖ਼ਬਾਰਾਂ ਵਾਲੇ ਹੁਣ ਬਾਬਾ ਫੌਜਾ ਸਿੰਘ ਲਿਖੀ ਜਾਂਦੇ ਆ। ਇਹ ਸਭ ਕੁਜਰਤ ਦੀ ਖੇਡ ਐ। ਕੁਦਰਤ ਨੂੰ ਉਹ ਕੁਜਰਤ ਕਹਿ ਰਿਹਾ ਸੀ।
ਛੇ ਮਾਰਚ 2025 ਨੂੰ ਅਸੀਂ ਬਿਆਸ ਪਿੰਡ ਪਹੁੰਚੇ ਤਾਂ ਉਹਦਾ ਮੰਜਾ ਬਾਹਰਲੇ ਬੂਹੇ ਕੋਲ ਡਾਹਿਆ ਹੋਇਆ ਸੀ। ਅਸੀਂ ਬਾਬੇ ਨੂੰ ਬੈਠੇ ਰਹਿਣ ਲਈ ਕਿਹਾ ਪਰ ਉਸ ਨੇ ਸਿਰ ’ਤੇ ਪੱਗ ਰੱਖੀ ਤੇ ਖੂੰਡੀ ਚੁੱਕ ਕੇ ਸਾਨੂੰ ਘਰ ਦੀ ਬੈਠਕ ਵੱਲ ਲੈ ਤੁਰਿਆ। ਮੈਨੂੰ ਲੱਗਾ ਜਿਵੇਂ ਉਸ ਨੂੰ ਕੁਝ ਉੱਚਾ ਸੁਣਦਾ ਹੋਵੇ। ਬੈਠਕ ਉਸ ਦੇ ਖੇਡ ਸਨਮਾਨਾਂ ਨਾਲ ਭਰੀ ਪਈ ਸੀ। ਇੱਕ ਅਲਮਾਰੀ ’ਚ ਉਹਦਾ ਦੌੜਨ ਵਾਲਾ ਸੁਰਮਈ ਬੂਟ ਪਿਆ ਸੀ ਜੋ ਖੇਡਾਂ ਦਾ ਸਾਮਾਨ ਬਣਾਉਣ ਵਾਲੀ ਐਡੀਡਾਸ ਕੰਪਨੀ ਨੇ ਮੁਹੰਮਦ ਅਲੀ ਤੇ ਡੇਵਿਡ ਬੈਕਹਮ ਤੋਂ ਬਾਅਦ 2004 ਵਿੱਚ ਉਸ ਨੂੰ ਆਪਣਾ ਬਰਾਂਡ ਅੰਬੈਸਡਰ ਬਣਾ ਕੇ ਭੇਟ ਕੀਤਾ ਸੀ। ਉਹਦੇ ਇੱਕ ਬੂਟ ਉੱਤੇ ‘ਫੌਜਾ’ ਤੇ ਦੂਜੇ ਉਤੇ ‘ਸਿੰਘ’ ਦੇ ਸਟਿੱਕਰ ਲਾ ਦਿੱਤੇ ਸਨ। ਚਾਹ ਪੀਂਦਿਆਂ ਪਤਾ ਲੱਗਾ ਕਿ ਉਹਦੀ ਮੁੱਖ ਖੁਰਾਕ ਦਾਲ-ਫੁਲਕਾ ਹੈ। ਸਵੇਰੇ ਚਾਹ ਦੇ ਕੱਪ ਨਾਲ ਅਲਸੀ ਦੀ ਪਿੰਨੀ। ਦੁਪਹਿਰੇ ਦਾਲ/ਸਬਜ਼ੀ ਨਾਲ ਇੱਕੋ ਰੋਟੀ। ਰਾਤ ਦੀ ਰੋਟੀ ਪਿੱਛੋਂ ਦੁੱਧ ਦਾ ਗਲਾਸ। ਖ਼ਾਸ ਖੁਰਾਕ ਅਦਰਕ ਦੀ ਤਰੀ। ਦੂਜੀ ਖੁਰਾਕ ਹਾਸਾ ਮਜ਼ਾਕ ਜੀਹਦੇ ’ਚ ਉਹ ਆਪਣੇ ਆਪ ਨੂੰ ਵੀ ਨਹੀਂ ਬਖ਼ਸ਼ਦਾ। ਤੀਜੀ ਖੁਰਾਕ ਤੁਰਨਾ ਫਿਰਨਾ, ਪਰ੍ਹੇ ’ਚ ਜਾਣਾ ਤੇ ਪਿੰਡ ਤੋਂ ਦੀ ਗੇੜੀ ਦੇਣਾ। ਉਸ ਨੇ ਘਰਦਿਆਂ ਨੂੰ ਆਖ ਰੱਖਿਐ, “ਮੈਨੂੰ ਚੰਗੀ ਖ਼ਬਰ ਦੱਸਿਓ, ਮਾੜੀ ਨਾ ਦੱਸਿਓ। ਮੇਰੀ ਖ਼ੁਸ਼ੀ ’ਚ ਭੰਗਣਾ ਨਾ ਪਾਓ।”
ਫੌਜਾ ਸਿੰਘ ਨਾਲ ਮੇਰੀਆਂ ਪਹਿਲਾਂ ਵੀ ਮੁਲਾਕਾਤਾਂ ਹੋਈਆਂ ਸਨ ਤੇ ਇੰਟਰਵਿਊ ਛਪਦੇ ਰਹੇ ਸਨ। ਕਦੇ ਅਸੀਂ ਇੰਗਲੈਂਡ ’ਚ ਮਿਲਦੇ, ਕਦੇ ਕੈਨੇਡਾ ਵਿੱਚ ਟੋਰਾਂਟੋ ਤੇ ਵੈਨਕੂਵਰ, ਕਦੇ ਸਾਡੇ ਪਿੰਡ ਚਕਰ ਤੇ ਕਦੇ ਉਹਦੇ ਪਿੰਡ। ਅਸੀਂ ਉਸ ਨੂੰ ਚਕਰ ਦੀ ਮੌਰਗਨ ਝੀਲ ’ਚ ਕਿਸ਼ਤੀ ’ਤੇ ਝੂਟੇ ਦੁਆਏ ਸਨ ਤੇ ਪਿੰਡ ਦੀਆਂ ਮਾਡਰਨ ਸੱਥਾਂ ਵਿਖਾਈਆਂ ਸਨ। ਉਦੋਂ ਉਹ ਚਕਰ ਦੀ ਸਪੋਰਟਸ ਅਕੈਡਮੀ ਨੂੰ ਭਾਗ ਲਾਉਣ ਆਇਆ ਸੀ। ਮੈਂ ਪੁੱਛਿਆ ਸੀ, “ਇਸ ਉਮਰ ’ਚ ਕੀ ਚੰਗਾ ਲੱਗਦੈ?”
ਜਵਾਬ ਮਿਲਿਆ ਸੀ, “ਬੱਚੇ। ਬੱਚੇ ਰੱਬ ਦਾ ਰੂਪ ਹੁੰਦੇ ਨੇ। ਜਦੋਂ ਮੈਨੂੰ ਸਕੂਲਾਂ ’ਚ ਜਾਣ ਦਾ ਸੱਦਾ ਮਿਲਦੈ ਤਾਂ ਬੱਚਿਆਂ ਨੂੰ ਦੇਖ ਕੇ ਮੇਰੀ ਰੂਹ ਖਿੜ ਜਾਂਦੀ ਐ। ਉਨ੍ਹਾਂ ਦੀ ਸੰਗਤ ਮੈਨੂੰ ਖ਼ੁਸ਼ੀ ਬਖ਼ਸ਼ਦੀ ਐ। ਮੈਂ ਆਪ ਤਾਂ ਸਕੂਲੇ ਪੜ੍ਹਨੇ ਨੀ ਪਿਆ, ਪਰ ਕਿੰਨੇ ਚੰਗੇ ਭਾਗ ਆ ਮੇਰੇ ਕਿ ਹੁਣ ਮੈਨੂੰ ਸਕੂਲਾਂ ’ਚ ਜਾਣ ਦੇ ਸੱਦੇ ਮਿਲਦੇ ਆ। ਮੇਰੇ ਦਿਲ ’ਚ ਬੱਚਿਆਂ ਵਰਗੀ ਖ਼ੁਸ਼ੀ ਫੁੱਟਦੀ ਰਹਿੰਦੀ ਆ। ਮੈਂ ਨਵੀਆਂ ਜੰਮੀਆਂ ਬੱਚੀਆਂ ਲਈ ਚੈਰਿਟੀ ਦੌੜਾਂ ਦੌੜਦਾਂ। ਧੁਰ ਅੰਦਰੋਂ ਤਾਂ ਮੈਂ ਬੱਚਾ ਈ ਆਂ!”
ਇੰਟਰਵਿਊ ਦਿੰਦਿਆਂ ਉਹ ਖੁੱਲ੍ਹ ਕੇ ਗੱਲਾਂ ਕਰਦਾ ਹੈ। ਕਿਸੇ ਗੱਲ ’ਚ ਰਹੱਸ, ਕਿਸੇ ’ਚ ਅਟੱਲ ਸਚਾਈ ਤੇ ਕਿਸੇ ’ਚ ਹਾਸਾ ਮਜ਼ਾਕ। ਧਰਮਰਾਜ ਕੋਲ ਜਾਣ ਬਾਰੇ ਪੁੱਛੀਏ ਤਾਂ ਕਹਿੰਦਾ ਹੈ, “ਉਮਰ ਦੀਆਂ ਸਾਰੀਆਂ ਛੱਲੀਆਂ ਚੂੰਡ ਕੇ ਵਿਦਾ ਹੋਵਾਂਗਾ!”
ਟੋਰਾਂਟੋ ਦੀ ਇੱਕ ਪਾਰਟੀ ’ਚ ਬਰਾਂਡਿਡ ਸੂਟ ’ਚ ਸਜੇ ਬਾਬਾ ਫੌਜਾ ਸਿੰਘ ਨੂੰ ਮੈਂ ਹਾਸੇ ਭਾਣੇ ਪੁੱਛਿਆ ਸੀ, “ਤੁਸੀਂ ਕੱਪੜਾ ਲੱਤਾ ਬਰਾਂਡਿਡ ਪਾਉਂਦੇ ਓ, ਕਿਤੇ ਕਿਸੇ ਨੂੰ ਪੱਟਣਾ ਤਾਂ ਨੀ?”
ਬਾਬਾ ਮਿੰਨ੍ਹਾ-ਮਿੰਨ੍ਹਾ ਮੁਸਕਰਾਇਆ ਸੀ, “ਇਹ ਸੁਆਲ ਹੋਰ ਪੱਤਰਕਾਰ ਵੀ ਪੁੱਛਦੇ ਆ। ਪਹਿਲੀ ਗੱਲ ਤਾਂ ਇਹ ਆ, ਮੈਂ ਆਪਣੇ ਆਪ ਨੂੰ ਕਦੇ ਬਾਬਾ ਸਮਝਿਆ ਈ ਨੀ। ਰਹੀ ਗੱਲ ਕਿਸੇ ਨੂੰ ਪੱਟਣ ਦੀ। ਪੱਟਣਾ ਪੁਟਣਾ ਮੈਂ ਹੁਣ ਕੀਹਨੂੰ ਐਂ? ਜਦੋਂ ਤਕ ਸਾਹ ਚਲਦੇ ਆ, ਦੌੜਦੇ ਰਹਿਣ ਦੀ ਚਾਹ ਹੈ। ਰੱਬ ਮੇਰੇ ਉੱਤੇ ਦਿਆਲ ਐ। ਮੈਨੂੰ ਜੋ ਮਿਲ ਰਿਹੈ ਸਭ ਉਹਦੀ ਮਿਹਰ ਐ। ਮੇਰੀ ਔਕਾਤ ਈ ਕੀ ਸੀ? ਐਹੋ ਜੇ ਸੋਹਣੇ ਕੱਪੜੇ ਮੇਰੇ ਵਿਆਹ ਵੇਲੇ ਵੀ ਨਾ ਸੀ ਜੁੜੇ। ਨਾ ਚੱਜ ਦੀ ਪੱਗ ਜੁੜੀ ਸੀ ਨਾ ਚੱਜ ਦਾ ਝੱਗਾ।”
“ਜੀਵਨ ਜਿੱਥੇ ਲੈ ਆਇਆ, ਉਸ ਮੁਕਾਮ ’ਤੇ ਕੀ ਮਹਿਸੂਸ ਕਰਦੇ ਓ?”
“ਰੱਬ ਦਾ ਸ਼ੁਕਰ ਐ। ਕਦੇ ਚਿੱਤ ਚੇਤੇ ਵੀ ਨਾ ਸੀ ਕਿ ਉਹ ਐਨੀਆਂ ਰਹਿਮਤਾਂ ਦੀ ਬਰਖਾ ਕਰੇਗਾ। ਜਦੋਂ ਮੈਂ ਸਦਮੇ ’ਚੋਂ ਗੁਜ਼ਰ ਰਿਹਾ ਸੀ ਤਾਂ ਉਹਨੇ ਮੇਰੇ ਅੰਦਰ ਦੌੜਨ ਦੀ ਚੁਆਤੀ ਲਾਈ ਤੇ ਆਪਣੀ ਬੁੱਕਲ ’ਚ ਸਮੋ ਲਿਆ। ਮੈਂ ਕੌਣ ਆਂ ਦੌੜਨ ਵਾਲਾ? ਇੱਕ ਗੱਲ ਪੱਕੀ ਐ, ਮੈਂ ਕਦੇ ਲਾਲਚ ਲਈ ਨੀ ਦੌੜਿਆ। ਜੋ ਪੈਸਾ ਧੇਲਾ ਦੌੜਾਂ ’ਚੋਂ ਮਿਲਿਆ, ਉਹ ਚੈਰਿਟੀ ਦੇ ਲੇਖੇ ਲਾਤਾ। ਸੋਚਦਾਂ ਖੌਰੇ ਕਿਸੇ ਓਸ ਗ਼ਰੀਬ ਦਾ ਵੀ ਭਲਾ ਕੀਤਾ ਹੋਊ ਜੀਹਦੀਆਂ ਅਸੀਸਾਂ ਨਾਲ ਮੈਂ ਦੌੜੀ ਜਾ ਰਿਹਾਂ।”
“ਤੁਸੀਂ ਰੱਬ ਨੂੰ ਬਹੁਤ ਮੰਨਦੇ ਓ। ਰੱਬ ਨੂੰ ਪਾਉਣ ਲਈ ਕੀ ਕੀਤਾ ਜਾਵੇ?”
“ਸੱਚ ਦੇ ਨੇੜੇ ਰਹੋ ਤੇ ਕਿਸੇ ਦਾ ਦਿਲ ਨਾ ਦੁਖਾਓ। ਵਾਧੂ ਉਲਝੋ ਨਾ। ਜਦੋਂ ਗੱਲ ਬਹਿਸ ’ਚ ਪੈ ਜਾਂਦੀ ਆ ਤਾਂ ਮਾਮਲਾ ਖਰਾਬ ਹੋ ਜਾਂਦੈ। ਰੱਬ ਬਹਿਸ ਵਿੱਚ ਨਹੀਂ, ਰਜ਼ਾਮੰਦੀ ’ਚ ਐ।”
ਉਸ ਦੀ ਜੀਵਨ ਕਹਾਣੀ ਦੱਸਦੀ ਹੈ ਕਿ ਬੰਦੇ ਦੇ ਜੀਵਨ ਵਿੱਚ ਕਿੰਨੇ ਵੀ ਦੁੱਖ ਕਿਉਂ ਨਾ ਆਏ ਹੋਣ ਤੇ ਉਹ ਕਿੱਡੀ ਵੀ ਵੱਡੀ ਉਮਰ ਦਾ ਕਿਉਂ ਨਾ ਹੋ ਗਿਆ ਹੋਵੇ, ਜੇ ਉਹ ਹਿੰਮਤ ਧਾਰ ਲਵੇ ਤਾਂ ਕੁਝ ਦਾ ਕੁਝ ਕਰ ਸਕਦਾ ਹੈ। ਜੋ ਕੁਝ ਫੌਜਾ ਸਿੰਘ ਨੇ ਕੀਤਾ ਉਹ ਲਾਮਿਸਾਲ ਹੈ!
ਜਿਸ ਦਿਨ ਉਹ ਲੰਡਨ ਦੀਆਂ ਓਲੰਪਿਕ ਖੇਡਾਂ ਦੀ ਮਸ਼ਾਲ ਲੈ ਕੇ ਦੌੜਿਆ ਸੀ ਰਸਤੇ ’ਚ ਛਬੀਲਾਂ ਤੇ ਲੰਗਰ ਲੱਗ ਗਏ ਸਨ। ਪੱਗ ਦਾੜ੍ਹੀ ਦੀ ਜਿੰਨੀ ਪਛਾਣ ਬਾਬਾ ਫੌਜਾ ਸਿੰਘ ਨੇ ਕਰਾਈ ਓਨੀ ਸ਼ਾਇਦ ਕਿਸੇ ਹੋਰ ਸਿੱਖ ਨੇ ਨਹੀਂ ਕਰਾਈ ਹੋਣੀ। ਫੌਜਾ ਸਿੰਘ ਆਪ ਕਹਿੰਦਾ ਹੈ ਕਿ ਮੇਰੀ ਪਛਾਣ ਓਨੀ ਮੇਰੇ ਦੌੜਨ ਕਰਕੇ ਨਹੀਂ ਜਿੰਨੀ ਪੱਗ ਦਾੜ੍ਹੀ ਕਰਕੇ ਹੈ। ਉਹ ਸਿਰੜੀ ਹੈ ਤੇ ਲੋਭ ਲਾਲਚ ਤੋਂ ਪਰ੍ਹੇ ਹੈ। ਕਹਿੰਦਾ ਹੈ, “ਕਮਾਉਣ ਨੂੰ ਤਾਂ ਭਾਵੇਂ ਮੈਂ ਮਿਲੀਅਨ ਪੌਂਡ ਕਮਾ ਲੈਂਦਾ ਪਰ ਕਰਨੇ ਕੀ ਆ? ਲੋੜ ਜੋਗਾ ਰੱਬ ਦਾ ਦਿੱਤਾ ਬਹੁਤ ਕੁਝ ਹੈ। ਬੱਸ ਤੰਦਰੁਸਤੀ ਚਾਹੀਦੀ ਐ। ਜੀਹਦੇ ਕੋਲ ਤੰਦਰੁਸਤੀ ਐ ਉਹਦੇ ਕੋਲ ਸਾਰੀਆਂ ਦੌਲਤਾਂ।” ਉਹ ਸਰਬੱਤ ਦਾ ਭਲਾ ਲੋਚਦੈ ਤੇ ਹਰ ਇੱਕ ਨੂੰ ਸਿਹਤਯਾਬ ਵੇਖਣਾ ਚਾਹੁੰਦੈ।
ਐਤਕੀਂ ਉਸ ਨੇ ਭੇਤ ਦੀ ਗੱਲ ਦੱਸੀ ਕਿ ਘੱਟ ਖਾਣ ਵਾਲੇ ਬੰਦੇ ਘੱਟ ਮਰਦੇ ਆ ਤੇ ਵੱਧ ਖਾਣ ਵਾਲੇ ਵੱਧ। ਉਸ ਦੀ ਲੰਮੀ ਉਮਰ ਤੇ ਚੰਗੀ ਸਿਹਤ ਦਾ ਰਾਜ਼ ਵਾਧੂ ਖਾਣ ਪੀਣ ਤੋਂ ਪ੍ਰਹੇਜ਼ ਕਰਨਾ ਹੈ।
ਉਸ ਨੇ ਲੰਡਨ ਦੀਆਂ ਪੰਜ, ਟੋਰਾਂਟੋ ਦੀਆਂ ਦੋ ਤੇ ਨਿਊਯਾਰਕ ਦੀ ਇੱਕ ਮੈਰਾਥਨ ਦੇ ਨਾਲ ਕਈ ਹਾਫ਼ ਮੈਰਾਥਨਾਂ ਤੇ ਹੋਰ ਦੌੜਾਂ ਵੀ ਜਿੱਤੀਆਂ ਹਨ। 94 ਮਿੰਟਾਂ ’ਚ ਯੂਕੇ ਦੇ 200, 400, 800 ਤੇ 3000 ਮੀਟਰ ਦੌੜਾਂ ਦੇ ਨਵੇਂ ਰਿਕਾਰਡ ਬਣਾਏ ਹਨ। ਸੌ ਸਾਲ ਦੀ ਉਮਰ ਟੱਪ ਕੇ ਟੋਰਾਂਟੋ ਵਿੱਚ ਦੌੜਦਿਆਂ ਉਸ ਨੇ ਇੱਕੋ ਦਿਨ ਅੱਠ ਦੌੜਾਂ ਲਾਈਆਂ ਤੇ ਪੰਜ ਵਿਸ਼ਵ ਰਿਕਾਰਡ ਬਣਾਏ।
ਉਨ੍ਹਾਂ ਦੇ 15 ਖੇਤ ਆਪਣੇ ਹਨ ਤੇ ਕੁਝ ਹੋਰ ਖੇਤ ਠੇਕੇ ’ਤੇ ਲੈ ਕੇ ਛੋਟਾ ਪੁੱਤਰ ਖੇਤੀ ਵਾਹੀ ਕਰ ਰਿਹਾ ਹੈ। ਵਿਹੜੇ ’ਚ ਟਰੈਕਟਰ ਟਰਾਲੀ ਵੀ ਸੀ ਤੇ ਮੱਝਾਂ ਗਾਈਆਂ ਵੀ ਸਨ। ਰੁੱੱਖ ਵੀ ਤੇ ਫਲਦਾਰ ਬੂਟੇ ਵੀ। ਵਿਦਾ ਹੁੰਦਿਆਂ ਮੈਂ ਪੁੱਛਿਆ, “ਤੁਸੀਂ ਦੁਨੀਆ ਦੇਖੀ ਹੈ, ਸਭ ਤੋਂ ਚੰਗੀ ਥਾਂ ਕਿਹੜੀ ਲੱਗੀ?”
ਮੈਰਾਥਨ ਦਾ ਮਹਾਂਰਥੀ ਮੁਸਕਰਾਇਆ, “ਜਿੱਥੇ ਤੁਸੀਂ ਵਸਦੇ ਓ, ਓਹੀ ਥਾਂ ਸਭ ਤੋਂ ਚੰਗੀ। ਮੇਰਾ ਮਨਭਾਉਂਦਾ ਗੀਤ ਐ, ਜਿਹੜੇ ਮੁਲਕ ਦਾ ਖਾਈਏ ਉਹਦਾ ਬੁਰਾ ਨੀ ਮੰਗੀਦਾ। ਸੱਚ ਇਹੋ ਈ ਐ। ਵੈਸੇ ਬੱਚੇ ਨੂੰ ਉਹ ਥਾਂ ਚੰਗੀ ਲੱਗਦੀ ਐ ਜਿੱਥੇ ਉਹਦੇ ਮਾਪੇ ਹੋਣ, ਬਾਲਗ ਨੂੰ ਉਹ ਥਾਂ ਚੰਗੀ ਜਿੱਥੇ ਉਹਨੂੰ ਰੁਜ਼ਗਾਰ ਮਿਲੇ ਤੇ ਪ੍ਰੇਮੀ ਨੂੰ ਉਹ ਥਾਂ ਪਿਆਰੀ ਜਿੱਥੇ ਉਹਦਾ ਪਿਆਰਾ ਵੱਸਦਾ ਹੋਵੇ।”
ਵਿਦਾ ਹੁੰਦਿਆਂ ਮੈਂ ਆਖ਼ਰੀ ਗੱਲ ਪੁੱਛੀ, “ਹੋਰ ਕਿੰਨੀ ਕੁ ਉਮਰ ਜਿਊਣ ਦਾ ਇਰਾਦੈ?”
ਬਾਬਾ ਰਉਂ ਵਿੱਚ ਸੀ, “ਦਿਲ ਹੋਣਾ ਚਾਹੀਦੈ ਜੁਆਨ ਉਮਰਾਂ ’ਚ ਕੀ ਰੱਖਿਐ?”
ਈ-ਮੇਲ: principalsarwansingh@gmail.com

Advertisement
Advertisement